ਮੋਹਾਲੀ (10 ਫ਼ਰਵਰੀ) ਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਅਧਿਆਪਕਾਂ ਅਤੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਜੋ ਆਪਣੇ ਆਪ ਨੂੰ ਸਤੋਜ ਵਾਲੇ ਮਾਸਟਰ ਦਾ ਪੁੱਤਰ ਦੱਸਦੇ ਹਨ, ਅੱਜ ਅਧਿਆਪਕਾਂ ਅਤੇ ਕਿਸਾਨਾਂ ਨਾਲ ਅਪਰਾਧੀਆਂ ਵਰਗਾ ਸਲੂਕ ਕਰ ਰਹੇ ਹਨ। ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਰੱਖ ਰਹੇ ਲੋਕਾਂ ‘ਤੇ ਪੁਲਿਸ ਬਲ ਦੀ ਵਰਤੋਂ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ।
ਪਰਗਟ ਸਿੰਘ ਨੇ ਦੱਸਿਆ ਕਿ ‘ਆਪ’ ਸਰਕਾਰ ਨੇ 28 ਜੁਲਾਈ 2023 ਨੂੰ 12,710 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ, ਪਰ ਦੋ ਸਾਲ ਬਾਅਦ ਵੀ ਉਨ੍ਹਾਂ ਨੂੰ ਸਥਾਈ ਸਕੇਲ, ਟੀ.ਏ., ਮੈਡੀਕਲ ਰਿਇੰਬਰਸਮੈਂਟ ਅਤੇ ਬੀਮਾ ਵਰਗੇ ਲਾਭ ਨਹੀਂ ਮਿਲੇ। ਇਨ੍ਹਾਂ ਮੰਗਾਂ ਲਈ ਕੀਤੇ ਗਏ ਸ਼ਾਂਤੀਪੂਰਨ ਮਾਰਚ ਨੂੰ ਮੋਹਾਲੀ ਤੋਂ ਚੰਡੀਗੜ੍ਹ ਤੱਕ ਜ਼ਬਰਦਸਤੀ ਰੋਕਿਆ ਗਿਆ ਅਤੇ ਪਾਣੀ ਦੀਆਂ ਤੋਪਾਂ ਚਲਾਈਆਂ ਗਈਆਂ।
ਲਾਠੀਚਾਰਜ ਦੌਰਾਨ ਕਈ ਸਿੱਖ ਅਧਿਆਪਕਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ ਅਤੇ ਤਿੰਨ ਮਹਿਲਾ ਅਧਿਆਪਕਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਯੂਨੀਅਨ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੂੰ ਵੀ ਸੱਟ ਲੱਗੀ।
ਪਰਗਟ ਸਿੰਘ ਨੇ ਬਠਿੰਡਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਜਿਹੜੀ ‘ਆਪ’ ਪਾਰਟੀ ਕਦੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਸੀ, ਉਹੀ ਅੱਜ ਉਨ੍ਹਾਂ ‘ਤੇ ਲਾਠੀਆਂ ਚਲਾ ਰਹੀ ਹੈ। ਇਹ ਸਰਕਾਰ ਦੇ ਦੋਹਰੇ ਮਿਆਰ ਅਤੇ ਅਸਲੀ ਚਿਹਰੇ ਨੂੰ ਬੇਨਕਾਬ ਕਰਦਾ ਹੈ।











