ਨਹਿਰ ਵਿੱਚ ਡੁੱਬਣ ਕਾਰਨ ਤਿੰਨ ਭੈਣ ਭਰਾਵਾਂ ਦੀ ਮੌਣ ਦਾ ਮਾਮਲਾ: ਮਾਂ-ਪਿਓ ‘ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਐੱਸ. ਏ. ਐੱਸ ਨਗਰ ,26 ਮਈ (azadvaani ) ਰਾਜਪੁਰਾ ਨੇੜੇ ਪਿੰਡ ਮੰਡੋਲੀ-ਕੋਹਲੋਮਾਜਰਾ ਕੋਲ ਐਤਵਾਰ ਨੂੰ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮਰੇ ਤਿੰਨ ਸਕੇ ਦੇ ਭੈਣ-ਭਰਾਵਾਂ ਦੀਆਂ ਲਾਸ਼ਾਂ. ਵਾਲੀਆਂ ਐਂਬੂਲੈਂਸਾਂ ਨੂੰ ਅੱਜ ਲਾਂਡਰਾਂ-ਸਨੇਟਾ ਕੌਮੀ ਮਾਰਗ ‘ਤੇ ਪੈਂਦੇ ਪਿੰਡ ਭਾਗੋਮਾਜਰਾ-ਵਿੱਚ ਖੜੀਆਂ ਕਰ ਕੇ ਪਿੰਡ ਮੌਜਪੁਰ ਦੇ ਵਸਨੀਕਾਂ ਨੇ ਜਾਮ ਲਾ ਦਿੱਤਾ। ਦੁਪਹਿਰ ਦੋ ਵਜੇ ਦਾ ਲੱਗਿਆ ਜਾਮ ਦੇਰ ਰਾਤ ਤੱਕ ਜਾਰੀ ਸੀ। ਧਰਨੇ ਵਿੱਚ ਮੌਜਪੁਰ ਦੇ ਵਸਨੀਕਾਂ ਤੋਂ ਇਲਾਵਾ ਬੱਚਿਆਂ ਦੇ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।ਧਰਨਾਕਾਰੀ ਮੰਗ ਕਰ ਰਹੇ ਹਨ ਕਿ ਦਸਵੀਂ ਵਿੱਚ ਪੜ੍ਹਦੇ ਏਕਮ ਸਿੰਘ (14), ਸੱਤਵੀਂ ਵਿਚ ਪੜ੍ਹਦੀ ਮੁਸਕਾਨ ਕੌਰ (12) ਅਤੇ ਦੂਜੀ ਵਿੱਚ ਪੜ੍ਹਦੀ ਰਾਜਵੀਰ ਕੌਰ (7) ਦੀ ਮੌਤ ਲਈ ਉਸ ਦਾ ਪਿਤਾ ਹਰਪ੍ਰਭਜੋਤ ਸਿੰਘ ਅਤੇ ਮਾਂ ਜਸਵਿੰਦਰ ਕੌਰ ਜ਼ਿੰਮੇਵਾਰ ਹਨ। ਲੋਕਾਂ ਨੇ ਮਾਂ-ਪਿਓ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਬੱਚਿਆਂ ਦੇ ਦਾਦਾ ਦਾਦੀ ਅਤੇ ਭੂਆ ਖ਼ਿਲਾਫ਼ ਗੰਡਾਖੇੜੀ ਪੁਲੀਸ ਵੱਲੋਂ ਦਰਜ ਕੀਤੇ ਪਰਚੇ ਨੂੰ ਤੁਰੰਤ ਰੱਦ ਕਰਨ ‘ਤੇ ਜ਼ੋਰ ਦਿੱਤਾ।ਰਾਜਪੁਰਾ ਤੋ ਜਿਉਂ ਹੀ ਬੱਚਿਆਂ ਦੀਆਂ ਲਾਸ਼ਾਂ ਵਾਲੀਆਂ ਐਂਬੂਲੈਂਸਾਂ ਪਿੰਡ ਭਾਗੋਮਾਜਰਾ ਪਹੁੰਚੀਆਂ ਤਾਂ ਉੱਥੇ ਮੌਜੂਦ ਪਿੰਡ ਵਾਸੀਆਂ ਨੇ ਐਂਬੂਲੈਂਸਾਂ ਨੂੰ ਸੜਕ ‘ਤੇ ਹੀ ਰੋਕ ਲਿਆ ਅਤੇ ਟਰੈਕਟਰ ਅਤੇ ਕਾਰਾਂ ਲਗਾ ਕੇ ਸੜਕ ਦੀ ਦੋਵੇਂ ਪਾਸੇ ਆਵਾਜਾਈ ਠੱਪ ਕਰ ਦਿੱਤੀ।ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾਧਰਨੇ ਦਾ ਪਤਾ ਲੱਗਦਿਆਂ ਹੀ ਥਾਣਾ ਸੋਹਾਣਾ ਦੇ ਐੱਸ ਐੱਚ ਓ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਸ਼ੇਰ ਗਿੱਲ, ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਅਤੇ ਐੱਸ ਪੀ ਦਿਲਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ।ਸਾਰਿਆਂ ਨੇ ਧਰਨਾਕਾਰੀਆਂ ਨੂੰ ਗੰਡਾਖੇੜੀ ਪੁਲੀਸ ਕੋਲੋਂ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਾਉਣ ਦਾ ਭਰੋਸਾ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਪਹਿਲਾਂ ਪਰਚਾ ਦਰਜ ਕਰਾਉਣ ਦੀ ਮੰਗ ‘ਤੇ ਅੜੇ ਰਹੇ। ਪੁਲੀਸ ਅਧਿਕਾਰੀਆਂ ਨੇ ਚਾਰ ਮੋਹਤਬਰਾਂ ਨੂੰ ਥਾਣਾ ਸੋਹਾਣਾ ਦੇ ਐੱਸ ਐੱਚ ਓ ਨਾਲ ਗੰਡਾ ਖੇੜੀ ਪੁਲੀਸ ਸਟੇਸ਼ਨ ਭੇਜਿਆ ਹੈ। ਪਿੰਡ ਵਾਸੀਆਂ ਅਨੁਸਾਰ ਬੱਚਿਆਂ ਦਾ ਸਸਕਾਰ ਮੰਗਲਵਾਰ ਨੂੰ ਪਿੰਡ ਮੌਜਪੁਰ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਬੱਚਿਆਂ ਦੇ ਮਾਂ-ਪਿਓ ਨੇ ਵੀ ਨਹਿਰ ਵਿਚ ਛਾਲ ਮਾਰੀ ਸੀ, ਜਿਨ੍ਹਾਂ ਨੂੰ ਮੌਕੇ ‘ਤੇ ਲੋਕਾਂ ਨੇ ਬਚਾ ਲਿਆ ਪਰ ਤਿੰਨੋ ਬੱਚੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਏ ਸਨ।ਧਰਨਾਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਉਸ ਦੇ ਮਾਂ ਅਤੇ ਪਿਓ ਨੇ ਘਰੋ ਮੋਟਰਸਾਈਕਲ ‘ਤੇ ਲਿਜਾ ਕੇ ਜਬਰਦਸਤੀ ਨਹਿਰ ਵਿੱਚ ਸੁੱਟਿਆ ਹੈ। ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।












