ਮ੍ਰਿਤਕਾਂ ਦੇ ਪਰਿਵਾਰਾਂ ਨੂੰ 30-30 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ
ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਸਫਾਈ ਕਰਮਚਾਰੀ ਆੰਦੋਲਨ ਦੇ ਸੂਬਾ ਕਨਵੀਨਰ ਸੁਭਾਸ਼ ਦਿਸਾਵਰ ਅਤੇ ਹੋਰ।
ਲੁਧਿਆਣਾ, 4 ਜੂਨ: (Azadvaani) ਆਰ.ਕੇ. ਰੋਡ ਸਥਿਤ ਇੱਕ ਫੈਕਟਰੀ ਵਿੱਚ ਵੇਸਟੇਜ ਟੈਂਕ ਦੀ ਸਫਾਈ ਦੌਰਾਨ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਸਫਾਈ ਕਰਮਚਾਰੀ ਅੰਦੋਲਨ ਦਾ ਇੱਕ ਵਫ਼ਦ ਸੂਬਾ ਕਨਵੀਨਰ ਸੁਭਾਸ਼ ਦਿਸਾਵਰ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀ ਤੁਸ਼ਿਤਾ ਗੁਲਾਟੀ ਨੂੰ ਮਿਲਿਆ। ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਸੌਂਪਦਿਆਂ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 30-30 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਸੁਭਾਸ਼ ਦਿਸਾਵਰ ਨੇ ਦੱਸਿਆ ਕਿ ਵੱਲੋਂ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਹੱਥੀਂ ਸਫਾਈ (ਮੈਨੂਅਲ ਸਕੈਵੇਂਜਿੰਗ) ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਇਨ੍ਹਾਂ ਦੀ ਸਫਾਈ ਮਸ਼ੀਨਾਂ ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਆੰਦੋਲਨ ਨੇ ਇਸ ਮੁੱਦੇ ਨੂੰ ਲੈ ਕੇ 12 ਸਾਲ ਤੱਕ ਅਦਾਲਤ ਵਿੱਚ ਲੰਬੀ ਕਾਨੂੰਨੀ ਲੜਾਈ ਲੜੀ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ The Prohibition of Employment as Manual Scavengers and Their Rehabilitation Act, 2013 ਅਤੇ ਐਸ.ਸੀ./ਐਸ.ਟੀ. ਐਕਟ ਤਹਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੁਭਾਸ਼ ਦਿਸਾਵਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਸੁਨੀਲ ਕੁਮਾਰ, ਬਿੰਦਰ, ਵਿਸ਼ਾਲ, ਪ੍ਰਵੀਣ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।











