ਬੱਚਿਆਂ ਦੀ ਸਿਹਤ, ਸਿੱਖਿਆ, ਪੋਸ਼ਣ, ਸੁਰੱਖਿਆ ਅਤੇ ਕਰੀਅਰ ਵਿਕਾਸ ਸਬੰਧੀ ਮਾਹਿਰਾਂ ਨੇ ਕੀਤਾ ਮਾਰਗਦਰਸ਼ਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜੁਲਾਈ 2026: (AzadVaani) ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਿਤੀ 10 ਜੁਲਾਈ 2026 ਨੂੰ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਬੱਚਿਆਂ ਦੀ ਸਿਹਤ, ਸਿੱਖਿਆ, ਪੋਸ਼ਣ, ਸੁਰੱਖਿਆ ਅਤੇ ਕਰੀਅਰ ਵਿਕਾਸ (ਚੇਤਨਾ) ਸਮਾਗਮ ਦਾ ਉਦਘਾਟਨ ਕੀਤਾ ਗਿਆ। ਇਹ ਸਮਾਗਮ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 250 ਦੇ ਕਰੀਬ ਪ੍ਰਿੰਸੀਪਲਾਂ ਅਤੇ ਕਾਊਂਸਲਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਐੱਸ.ਏ.ਐੱਸ. ਨਗਰ ਵੱਲੋਂ ਕਿਹਾ ਗਿਆ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਕੇਵਲ ਅਕਾਦਮਿਕ ਸਿੱਖਿਆ ਤੱਕ ਸੀਮਿਤ ਨਹੀਂ, ਸਗੋਂ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ, ਪੋਸ਼ਣ, ਸੁਰੱਖਿਆ, ਜੀਵਨ ਕੌਸ਼ਲ, ਡਿਜ਼ਿਟਲ ਸਾਖਰਤਾ ਅਤੇ ਸਹੀ ਕਰੀਅਰ ਮਾਰਗਦਰਸ਼ਨ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ।
ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ, ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵੱਲੋਂ ਦੱਸਿਆ ਗਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸਕੂਲ ਮੁਖੀਆਂ ਅਤੇ ਕਾਊਂਸਲਰਾਂ ਨੂੰ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ, ਪੋਸ਼ਣ, ਸਿੱਖਿਆ, ਸੁਰੱਖਿਆ, ਜੀਵਨ ਕੌਸ਼ਲ, ਡਿਜ਼ਿਟਲ ਸਾਖਰਤਾ ਅਤੇ ਭਵਿੱਖੀ ਕਰੀਅਰ ਯੋਜਨਾਬੰਦੀ ਨਾਲ ਸਬੰਧਿਤ ਨਵੀਨਤਮ ਜਾਣਕਾਰੀ ਅਤੇ ਵਿਹਾਰਕ ਸਲਾਹ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਆਪਣੇ-ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਾਰਗਦਰਸ਼ਨ ਦੇ ਸਕਣ।
ਇਸ ਈਵੇਂਟ ਦੌਰਾਨ ਵੱਖ-ਵੱਖ ਖੇਤਰਾਂ ਦੇ ਨਾਮਵਰ ਵਿਸ਼ਾ ਮਾਹਿਰਾਂ ਵੱਲੋਂ ਆਪਣੇ ਤਜ਼ਰਬੇ ਅਤੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇਸ਼੍ਰੀ ਸੁਖਮਨਦੀਪ ਸਿੰਘ ਵੱਲੋਂ ਡਿਜ਼ਿਟਲ ਸਾਖਰਤਾ (Digital Literacy), ਸ੍ਰੀਮਤੀ ਸਮਿਤਾ ਸ਼ਰਮਾ ਵੱਲੋਂ ਵਿੱਤੀ ਜਾਗਰੂਕਤਾ (Financial Awareness), ਸ਼੍ਰੀ ਸੰਦੀਪ ਸਿੰਘ ਵੱਲੋਂ ਫਸਟ ਏਡ ਅਤੇ ਐਮਰਜੈਂਸੀ ਰਿਸਪਾਂਸ (First Aid & Emergency Response), ਡਾ. ਸਿੰਮੀ ਖੱਤਰੀ ਵੱਲੋਂ ਸਫ਼ਾਈ, ਸਵੱਛਤਾ ਅਤੇ ਮਾਹਵਾਰੀ ਸਿਹਤ (Sanitation, Hygiene & Menstrual Health), ਸ਼੍ਰੀ ਮਾਣਿਕ ਰਾਜ ਸਿੰਗਲਾ ਵੱਲੋਂ ਕਰੀਅਰ ਗਾਈਡੈਂਸ (Career Guidance) ਅਤੇਡਾ. ਅਨੁਰਾਧਾ ਰੰਜਨਵੱਲੋਂਲਿੰਗ ਸੰਵੇਦਨਸ਼ੀਲਤਾ (Gender Sensitivity) ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਿੱਤੇ ਗਏ।
ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ, ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵੱਲੋਂ ਦੱਸਿਆ ਗਿਆ ਕਿ ਇਸ ਸਮਾਗਮ ਵਿੱਚ ਬੱਚਿਆਂ ਦੀ ਸਮੁੱਚੀ ਭਲਾਈ, ਸਕੂਲੀ ਵਾਤਾਵਰਣ ਵਿੱਚ ਸੁਰੱਖਿਆ, ਮਾਨਸਿਕ ਸਿਹਤ, ਸਿਹਤਮੰਦ ਜੀਵਨ ਸ਼ੈਲੀ, ਡਿਜ਼ਿਟਲ ਯੁੱਗ ਵਿੱਚ ਸੁਰੱਖਿਅਤ ਵਿਹਾਰ, ਵਿੱਤੀ ਸਾਖਰਤਾ, ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਸਹਾਇਤਾ, ਕਰੀਅਰ ਚੋਣਾਂ ਅਤੇ ਲਿੰਗ ਸਮਾਨਤਾ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਸ੍ਰੀਮਤੀ ਸੁਖਮਨ ਮਾਨ, ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵੱਲੋਂ ਦੱਸਿਆ ਗਿਆ ਕਿ ਇਸ ਸਮਾਗਮ ਰਾਹੀਂ ਸਕੂਲ ਪ੍ਰਿੰਸੀਪਲਾਂ ਅਤੇ ਕਾਊਂਸਲਰਾਂ ਨੂੰ ਅਜਿਹੇ ਵਿਹਾਰਕ ਸਾਧਨ ਅਤੇ ਜਾਣਕਾਰੀ ਪ੍ਰਾਪਤ ਹੋਈ, ਜਿਸ ਨਾਲ ਉਹ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਤੌਰ ‘ਤੇ, ਸਗੋਂ ਸਿਹਤ, ਸਮਾਜਿਕ ਜ਼ਿੰਮੇਵਾਰੀ, ਜੀਵਨ ਕੌਸ਼ਲ ਅਤੇ ਭਵਿੱਖੀ ਰੋਜ਼ਗਾਰ ਅਤੇ ਕਰੀਅਰ ਮੌਕਿਆਂ ਸਬੰਧੀ ਵੀ ਪ੍ਰਭਾਵਸ਼ਾਲੀ ਮਾਰਗਦਰਸ਼ਨ ਦੇ ਸਕਣਗੇ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐੱਸ.ਏ.ਐੱਸ. ਨਗਰ ਵੱਲੋਂ ਉਮੀਦ ਜਤਾਈ ਗਈ ਹੈ ਕਿ ਚੇਤਨਾ ਸਮਾਗਮ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਪ੍ਰਭਾਵਸ਼ਾਲੀ ਪਹਿਲ ਸਾਬਤ ਹੋਵੇਗਾ ਅਤੇ ਸਕੂਲਾਂ ਵਿੱਚ ਸਿਹਤਮੰਦ, ਸੁਰੱਖਿਅਤ ਅਤੇ ਜਾਗਰੂਕ ਸਿੱਖਿਆਕ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ। ਇਸ ਸਮਾਗਮ ਵਿੱਚ ਮਿਸ ਨਬੀਹਾ, ਕਰੀਅਰ ਕਾਊਂਸਲਰ, ਮਿਸ ਰੋਜ਼ੀ ਸਿੰਗਲਾ, ਯੰਗ ਪ੍ਰੋਫੈਸ਼ਨਲ, ਸ੍ਰੀ ਸੁਨੀਲ ਸੈਣੀ ਅਤੇ ਐਮਿਟੀ ਯੂਨੀਵਰਸਿਟੀ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ।












