ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੀਜਨਲ ਟਰਾਂਸਪੋਰਟ ਅਫਸਰ ਵੱਲੋਂ ਸੜਕ ਸੁਰੱਖਿਆ ਸਬੰਧੀ ਮੀਟਿੰਗ ਦੀ ਸਮੀਖਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜੁਲਾਈ,2026: (AzadVaani ) ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਆਵਾਜਾਈ ਪ੍ਰਬੰਧਾਂ ਨੂੰ ਹੋਰ ਸੁਰੱਖਿਅਤ ਤੇ ਸੁਚਾਰੂ ਬਣਾਉਣ ਦੇ ਮੰਤਵ ਨਾਲ ਰੀਜਨਲ ਟਰਾਂਸਪੋਰਟ ਅਫਸਰ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਵੱਲੋਂ ਸੜਕ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਵੱਲੋਂ ਜ਼ਿਲ੍ਹੇ ਦੇ ਬਲੈਕ ਸਪਾਟਸ, ਹਾਦਸਾ ਸੰਭਾਵਿਤ ਥਾਵਾਂ, ਹਾਈ ਰਿਸਕ ਕੌਰੀਡੋਰਜ਼, ਕ੍ਰਿਟੀਕਲ ਜੰਕਸ਼ਨਾਂ ਅਤੇ ਟ੍ਰੈਫਿਕ ਪ੍ਰਬੰਧਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਨੂੰ ਹਾਦਸਿਆਂ ਦੇ ਕਾਰਨਾਂ ਦੀ ਪਛਾਣ ਕਰਕੇ ਲੋੜੀਂਦੇ ਸੁਧਾਰਾਤਮਕ ਅਤੇ ਸੁਰੱਖਿਆ ਉਪਾਅ ਸਮਾਂਬੱਧ ਢੰਗ ਨਾਲ ਕਰਨ ਲਈ ਕਿਹਾ ਗਿਆ।
ਮੀਟਿੰਗ ਵਿੱਚ ਨਿਊ ਚੰਡੀਗੜ੍ਹ ਦੇ ਸੈਕਟਰ-5 ਅਤੇ 6, ਈਕੋ ਸਿਟੀ ਵਿਖੇ ਹਾਦਸਾ ਸੰਭਾਵਿਤ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ, ਨਿਊ ਚੰਡੀਗੜ੍ਹ ਦੇ ਟ੍ਰੈਫਿਕ ਮੁੱਦਿਆਂ ਅਤੇ ਸੈਕਟਰ 87 ਤੇ 88 ਨੂੰ ਜੋੜਨ ਵਾਲੀ ਸੜਕ ’ਤੇ ਟ੍ਰੈਫਿਕ ਜਾਮ ਅਤੇ ਸੜਕ ਹਾਦਸਿਆਂ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸੇ ਤਰ੍ਹਾਂ ਕੋਰਟ ਕੰਪਲੈਕਸ, ਐਸ.ਏ.ਐਸ. ਨਗਰ ਦੇ ਬਾਹਰ ਜ਼ੈਬਰਾ ਕਰਾਸਿੰਗ, ਬੱਸ ਸ਼ੈਲਟਰ ਅਤੇ ਸਪੀਡ ਬ੍ਰੇਕਰ ਬਣਾਉਣ ਸਬੰਧੀ ਬਾਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੰਗ ’ਤੇ ਵੀ ਚਰਚਾ ਕੀਤੀ ਗਈ। ਸਟੇਟ ਅਤੇ ਨੈਸ਼ਨਲ ਹਾਈਵੇਅਜ਼ ਤੋਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਸੜਕਾਂ ’ਤੇ ਬੇਸਹਾਰਾ ਪਸ਼ੂਆਂ ਨਾਲ ਸਬੰਧਤ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਤਾਲਮੇਲ ਨਾਲ ਕਾਰਵਾਈ ਕਰਨ ਲਈ ਕਿਹਾ ਗਿਆ।
ਮੀਟਿੰਗ ਦੌਰਾਨ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਬਲੈਕ ਸਪਾਟਸ, ਹਾਈ ਰਿਸਕ ਕੌਰੀਡੋਰਜ਼, ਹਾਈ ਡੈਨਸਿਟੀ ਕੌਰੀਡੋਰਜ਼ ਅਤੇ ਕ੍ਰਿਟੀਕਲ ਜੰਕਸ਼ਨਾਂ ’ਤੇ ਏ.ਆਈ. ਆਧਾਰਿਤ ਸੀ.ਸੀ.ਟੀ.ਵੀ. ਸਿਸਟਮ ਲਗਾਉਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੀ ਵੀ ਸਮੀਖਿਆ ਕੀਤੀ ਗਈ।
ਇਸ ਤੋਂ ਇਲਾਵਾ ਹਿੱਟ ਐਂਡ ਰਨ ਅਤੇ ਕੈਸ਼ਲੈੱਸ ਟ੍ਰੀਟਮੈਂਟ ਸਕੀਮ, ਫਰਿਸ਼ਤੇ ਸਕੀਮ, ਰਾਹ-ਵੀਰ/ਗੁੱਡ ਸਮਾਰੀਟਨ ਸਕੀਮ, ਸੜਕ ਸੁਰੱਖਿਆ ਮਿੱਤਰ ਪ੍ਰੋਗਰਾਮ ਅਤੇ ਈ-ਡਾਰ ਪ੍ਰੋਜੈਕਟ ਦੀ ਪ੍ਰਗਤੀ ਅਤੇ ਪ੍ਰਭਾਵਸ਼ਾਲੀ ਮਾਨੀਟਰਿੰਗ ਬਾਰੇ ਵੀ ਚਰਚਾ ਕੀਤੀ ਗਈ।
ਅਟਵਾਲ ਵੱਲੋਂ ਸਬੰਧਤ ਵਿਭਾਗਾਂ ਨੂੰ ਸੜਕ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਅਤੇ ਆਪਸੀ ਤਾਲਮੇਲ ਨਾਲ ਠੋਸ ਤੇ ਸਮਾਂਬੱਧ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਗਿਆ।












