ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਜੁਲਾਈ: (AzadVaani) ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਹੇਠ ਐੱਸ.ਏ.ਐੱਸ. ਨਗਰ ਦੀ ਸਵੀਪ ਟੀਮ ਵੱਲੋਂ ਵਿਸ਼ੇਸ਼ ਗਹਿਰੀ ਸੁਧਾਈ-2026 ਮੁਹਿੰਮ ਤਹਿਤ ਬੀ.ਐਲ.ਓਜ਼ ਨੂੰ ਉਤਸ਼ਾਹਿਤ ਕਰਨ ਅਤੇ ਹਰ ਯੋਗ ਵੋਟਰ ਤੱਕ ਪਹੁੰਚ ਬਣਾਉਣ ਲਈ ਲਗਾਤਾਰ ਫੀਲਡ ਦੌਰੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ ਸਿੰਘ ਅੰਟਾਲ ਦੀ ਟੀਮ ਮੋਹਾਲੀ ਦੇ ਬੂਥ ਨੰਬਰ 92 ਤਹਿਤ ਵਿਖੇ ਸੈਕਟਰ-80 ਨੇੜੇ ਸਥਿਤ ਝੁੱਗੀ-ਝੌਂਪੜੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੀ। ਇੱਥੇ ਲਗਭਗ 40 ਯੋਗ ਵੋਟਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਵੋਟਰ ਸੂਚੀ ਵਿੱਚ ਨਾਮ ਦਰੁਸਤ ਰੱਖਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਤੋਂ ਐਨਿਊਮਰੇਸ਼ਨ ਫਾਰਮ ਵੀ ਭਰਵਾਏ ਗਏ। ਟੀਮ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਫਾਰਮ ਜਮ੍ਹਾਂ ਕਰਵਾ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਬੂਥ ਲੈਵਲ ਅਫਸਰ ਸ੍ਰੀਮਤੀ ਆਰਤੀ ਬੂਥ ਦੀ ਹਰ ਇੱਕ ਵੋਟਰ ਤੱਕ ਪਹੁੰਚਣ ਦੀ ਲਗਨ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਗੋ ਸੁਰਿੰਦਰ ਬੱਤਰਾ ਅਤੇ ਆਰ.ਕੇ. ਸੈਣੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਵੀਪ ਟੀਮ ਦਾ ਉਦੇਸ਼ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਵੰਚਿਤ ਅਤੇ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਯੋਗ ਵੋਟਰਾਂ ਤੱਕ ਪਹੁੰਚ ਕਰਕੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਤੋਂ ਵਾਂਝਾ ਨਾ ਰਹੇ।












