ਬਰਨਾਲਾ : 23 ਜੁਲਾਈ . 2026 (AzadVaani) ਅੱਜ ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਬਰਨਾਲਾ ਜਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਕੱਲ੍ਹ ਸ਼ਹਿਰ ਦੇ ਸਫਾਈ ਸੇਵਕਾਂ ਉਪਰ ਕੀਤੀ ਵਹਿਸ਼ੀ ਲਾਠੀਚਾਰਜ ਵਿਰੁਧ ਦਾਣਾ ਮੰਡੀ ਵਿਚ ਇਕ ਭਰਵੀ ਰੈਲੀ ਕੀਤੀ; ਉਪਰੰਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਆਕਾਸ਼ ਗੁੰਜਾਊ ਨਾਹਰੇ ਲਾਉਂਦੇ ਹੋਏ ਬਾਜ਼ਾਰਾਂ ਵਿਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ, ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਬੀਕੇਯੂ ਉਗਰਾਹਾਂ ਦੇ ਚਮਕੌਰ ਨੈਣੇਵਾਲ, ਬੀਕੇਯੂ ਡਕੌਂਦਾ (ਧਨੇਰ) ਦੇ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਬੀਕੇਯੂ ਕਰਾਂਤੀਕਾਰੀ ਦੇ ਮਨਜੀਤ ਰਾਜ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਮਨਰੇਗਾ ਮਜ਼ਦੂਰ ਯੂਨੀਅਨ ਦੇ ਖੁਸ਼ੀਆ ਸਿੰਘ, ਮੁਲਾਜ਼ਮ ਡਿਫੈਂਸ਼ ਕਮੇਟੀ ਦੇ ਤਰਸੇਮ ਭੱਠਲ, ਸਫਾਈ ਸੇਵਕ ਯੂਨੀਅਮ ਦੇ ਗੁਲਸ਼ਨ ਕੁਮਾਰ, ਡੀਟੀਐਫ ਆਗੂ ਰਾਜੀਵ ਕੁਮਾਰ, ਮੁਲਾਜ਼ਮ ਫੈਡਰੇਸ਼ਨ ਦੇ ਕਰਮਜੀਤ ਬੀਹਲਾ, ਤਰਕਸ਼ੀਲ ਆਗੂ ਰਾਜਿੰਦਰ ਭਦੌੜ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਕਿ ਜਿਸ ਤਰ੍ਹਾਂ ਸਫਾਈ ਕਰਮਚਾਰੀ ਮਰਦਾਂ ਤੇ ਔਰਤਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ. ਉਨ੍ਹਾਂ ਦੇ ਸਿਰਾਂ ’ਤੇ ਸੋਟੀਆਂ ਚਲਾਈਆਂ ਗਈਆਂ, ਦਰਜਨਾਂ ਮਜ਼ਦੂਰ ਮਰਦ ਔਰਤਾਂ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਗਿਆ, ਇਸ ਤਰ੍ਹਾਂ ਦੀ ਕਾਰਵਾਈ ਕੋਈ ਤਾਨਾਸ਼ਾਹ ਵਹਿਸ਼ੀ ਸਰਕਾਰ ਤੇ ਉਸ ਦੀ ਪੁਲਿਸ ਹੀ ਕਰ ਸਕਦੀ ਹੈ। ਬਦਲਾਅ ਦੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ’ਤੇ ਬਿਰਾਜਮਾਨ ਹੋਈ ਸਰਕਾਰ ਨੇ ਸੂਬੇ ਨੂੰ ਪੁਲਿਸ ਰਾਜ ਵਿਚ ਤਬਦੀਲ ਕਰ ਦਿੱਤਾ ਹੈ। ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਵਾਲੇ ਅਤੇ ਠੇਕੇਦਾਰਾਂ ਦੀ ਦੂਹਰੀ ਲੁੱਟ ਦਾ ਸ਼ਿਕਾਰ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਅਨੇਕ ਬਾਰੇ ਲਾਰੇ ਲਾਏ ਜਾ ਚੁੱਕੇ ਹਨ। ਪਹਿਲਾਂ ਕਈ ਵਾਰ ਮੰਗਾਂ ਮੰਨ ਲਏ ਜਾਣ ਦਾ ਲਾਰਾ ਲਾ ਕੇ, ਉਨ੍ਹਾਂ ਦੀ ਹੜਤਾਲ ਖਤਮ ਕਰਵਾਈ ਗਈ ਹੈ। ਹੁਣ ਫਿਰ ਪਿਛਲੇ ਮਹੀਨੇ ਹੀ ਇਹ ਲਾਰਾ ਲਾਇਆ ਗਿਆ ਸੀ ਜੋ ਵਫਾ ਨਹੀਂ ਹੋਇਆ।
ਸਿਰਫ 8- 10 ਹਜ਼ਾਰ ਰੁਪਏ ਦੀ ਨਿਗੂਣੀ ਤਨਖਾਰ ’ਤੇ ਕੰਮ ਕਰਨ ਵਾਲੇ ਇਹ ਲੋਕ ਸਮਾਜ ਦੀ ਗੰਦਗੀ ਸਾਫ ਕਰਦੇ ਹਨ। ਉਹ ਜਹੜਾ ਕੰਮ ਕਰਦੇ ਹਨ, ਉਸ ਨੂੰ ਸਮਾਜ ਦਾ ਹੋਰ ਕੋਈ ਵੀ ਭਾਈਚਾਰਾ ਕਰਨ ਦਾ ਸੁਫਨਾ ਤੱਕ ਨਹੀਂ ਲੈ ਸਕਦਾ। ਫਿਰ ਵੀ ਉਹ ਗੰਦੀਆਂ ਬਸਤੀਆਂ ਵਿਚ ਨਰਕਾਂ ਜਿਹੀ ਜ਼ਿੰਦਗੀ ਜਿਉਂਦੇ ਹਨ। ਬਿਨਾਂ ਸੁਰੱਖਿਆ ਟੂਲਾਂ ਦੇ ਸੀਵਰਾਂ ਦੀ ਸਫਾਈ ਕਰਦੇ ਹਨ ਅਤੇ ਇਸ ਕੰਮ ਨੂੰ ਕਰਦਿਆਂ ਦਰਜਨਾਂ ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਪੁਲਿਸ ਕਾਰਵਾਈ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਣਦੀ ਸਜ਼ਾ ਦਿਤੀ ਜਾਵੇ, ਡੀਐਸਪੀ ਐਸ ਐਸ ਬੈਂਸ ਅਤੇ ਐਚ ਐਸ ਓ ਲਖਵਿੰਦਰ ਸਿੰਘ ਨੂੰ ਬਰਖਾਸਤ ਕੀਤਾ ਕੀਤਾ ਜਾਵੇ, ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾ ਨੂੰ ਮੰਨ ਕੇ ਤੁਰੰਤ ਲਾਗੂ ਕੀਤਾ ਜਾਵੇ। ਅਜਮੇਰ ਅਕਲੀਆ ਨੇ ਗੀਤ ਸੁਣਾਏ, ਸਟੇਜ ਦੀ ਕਾਰਵਾਈ ਸਭਾ ਦੇ ਸਕੱਤਰ ਬ੍ਵਿਕਰ ਸਿੰਘ ਔਲਖ ਨੇ ਨਿਭਾਈ।
ਸਫਾਈ ਸੇਵਕਾਂ ’ਤੇ ਵਹਿਸ਼ੀ ਜਬਰ ਵਿਰੁਧ ਬਰਨਾਲਾ ਦੀਆਂ ਜਨਤਕ ਜਥੇਬੰਦੀਆਂ ਦਾ ਰੋਹ ਭਰਪੂਰ ਮੁਜ਼ਾਹਰਾ












