ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜੁਲਾਈ: (AzadVaani) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ ਆਈ ਆਰ-2026) ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਮਾਜ ਦੇ ਹਰ ਵਰਗ ਤੱਕ ਪਹੁੰਚ ਕਰਕੇ ਯੋਗ ਵੋਟਰਾਂ ਦੇ ਐਸ.ਆਈ.ਆਰ. ਗਣਨਾ (ਐਨੂਮਰੇਸ਼ਨ) ਫਾਰਮ ਭਰਵਾਏ ਜਾ ਰਹੇ ਹਨ, ਤਾਂ ਜੋ ਕੋਈ ਵੀ ਯੋਗ ਵੋਟਰ ਇਸ ਮਹੱਤਵਪੂਰਨ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਵੀਪ ਟੀਮ ਨੇ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਅਤੇ ਚੋਣ ਤਹਿਸੀਲਦਾਰ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਟਰਾਂਸਜੈਂਡਰ ਸਟੇਟ ਆਈਕਨ ਰਾਜੇਸ਼ ਦਾ ਐਸ.ਆਈ.ਆਰ. ਗਣਨਾ (ਐਨੂਮਰੇਸ਼ਨ) ਫਾਰਮ ਭਰਵਾਇਆ।
ਇਸ ਮੌਕੇ ਰਾਜੇਸ਼ ਨੇ “ਹਰ ਇੱਕ ਵੋਟ ਜ਼ਰੂਰੀ ਹੈ” ਦਾ ਸੰਦੇਸ਼ ਦਿੰਦਿਆਂ ਸਮੂਹ ਟਰਾਂਸਜੈਂਡਰ ਭਾਈਚਾਰੇ, ਦਿਵਿਆੰਗਜਨਾਂ, ਮਹਿਲਾਵਾਂ, ਨੌਜਵਾਨਾਂ, ਸੀਨੀਅਰ ਸਿਟੀਜ਼ਨਾਂ ਅਤੇ ਹੋਰ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐਸ.ਆਈ.ਆਰ. ਗਣਨਾ (ਐਨੂਮਰੇਸ਼ਨ) ਫਾਰਮ ਲਾਜ਼ਮੀ ਤੌਰ ‘ਤੇ ਭਰਨ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਲੋਕਤੰਤਰ ਦੀ ਨੀਂਹ ਹਰ ਨਾਗਰਿਕ ਦੀ ਸਰਗਰਮ ਭਾਗੀਦਾਰੀ ਨਾਲ ਹੀ ਪੈਂਦੀ ਹੈ ਅਤੇ ਹਰ ਇੱਕ ਵੋਟ ਦੀ ਆਪਣੀ ਵਿਲੱਖਣ ਮਹੱਤਤਾ ਹੈ।
ਜ਼ਿਲ੍ਹਾ ਸਵੀਪ ਟੀਮ ਵੱਲੋਂ ਕਿਹਾ ਗਿਆ ਕਿ ਵਿਸ਼ੇਸ਼ ਗਹਿਰੀ ਸੁਧਾਈ (ਐੱਸ ਆਈ ਆਰ-2026) ਦਾ ਉਦੇਸ਼ ਹਰ ਯੋਗ ਵੋਟਰ ਨੂੰ ਚੋਣ ਪ੍ਰਕਿਰਿਆ ਨਾਲ ਜੋੜਨਾ ਅਤੇ ਵੋਟਰ ਸੂਚੀ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਸਮਾਵੇਸ਼ੀ ਬਣਾਉਣਾ ਹੈ। ਇਸ ਮੁਹਿੰਮ ਤਹਿਤ ਸਮਾਜ ਦੇ ਹਰ ਵਰਗ ਤੱਕ ਪਹੁੰਚ ਕਰਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਐਨੂਮਰੇਸ਼ਨ ਫਾਰਮ ਭਰਵਾਏ ਜਾ ਰਹੇ ਹਨ।
ਇਸ ਮੌਕੇ ਚੋਣ ਕਾਨੂੰਨਗੋ ਸੁਰਿੰਦਰ ਬੱਤਰਾ, ਪ੍ਰੋਗਰਾਮਰ ਜਤਿੰਦਰ ਸਿੰਘ ਅਤੇ ਚੋਣ ਦਫ਼ਤਰ ਤੋਂ ਮਨਪ੍ਰੀਤ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।












