ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਜਾਗਰੂਕਤਾ ਪੋਸਟਰ ਜਾਰੀ
ਛੱਤਬੀੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 29 ਜੁਲਾਈ, 2026: (Azadvaani) ਮੁਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ, ਛੱਤਬੀੜ ਵਿਖੇ ਅੱਜ ਅੰਤਰਰਾਸ਼ਟਰੀ ਬਾਘ ਦਿਵਸ-2026 ਮਨਾਇਆ ਗਿਆ। ਇਸ ਮੌਕੇ ਬਾਘਾਂ ਦੀ ਸੰਭਾਲ ਅਤੇ ਜੰਗਲੀ ਜੀਵਾਂ ਦੀ ਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਾਲ ਅੰਤਰਰਾਸ਼ਟਰੀ ਬਾਘ ਦਿਵਸ “ਉਨ੍ਹਾਂ ਦੀ ਦਹਾੜ ਜੰਗਲ ਨੂੰ ਜਿਉਂਦਾ ਰੱਖਦੀ ਹੈ” ਵਿਸ਼ੇ ਹੇਠ ਮਨਾਇਆ ਗਿਆ। ਪ੍ਰੋਗਰਾਮ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸੈਲਾਨੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਨੇ ਮੁੱਖ ਜੰਗਲਾਤ ਸੰਭਾਲ ਅਧਿਕਾਰੀ (ਜੰਗਲੀ ਜੀਵ) ਸ੍ਰੀ ਸਤਿੰਦਰ ਕੁਮਾਰ ਸਾਗਰ (ਆਈ.ਐਫ.ਐਸ.), ਫੀਲਡ ਡਾਇਰੈਕਟਰ ਸ੍ਰੀ ਨਲਿਨ ਯਾਦਵ (ਆਈ.ਐਫ.ਐਸ.) ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬਾਘਾਂ ਦੀ ਸੰਭਾਲ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ।
ਆਪਣੇ ਸੰਬੋਧਨ ਦੌਰਾਨ ਸ੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਬਾਘ ਸਾਡੇ ਦੇਸ਼ ਦਾ ਰਾਸ਼ਟਰੀ ਜਾਨਵਰ ਹੈ ਅਤੇ ਜੰਗਲਾਂ ਦੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜੰਗਲੀ ਜੀਵਾਂ ਅਤੇ ਕੁਦਰਤ ਦੀ ਰੱਖਿਆ ਲਈ ਅੱਗੇ ਆਉਣ ਅਤੇ ਇਸ ਸੰਦੇਸ਼ ਨੂੰ ਹੋਰਨਾਂ ਤੱਕ ਵੀ ਪਹੁੰਚਾਉਣ।
ਪ੍ਰੋਗਰਾਮ ਦੌਰਾਨ ਚਿੜੀਆਘਰ ਦੇ ਲੋਕ ਸੰਪਰਕ ਅਧਿਕਾਰੀ ਅਤੇ ਜੰਗਲੀ ਜੀਵ ਸਿੱਖਿਆ ਅਧਿਕਾਰੀ ਸ੍ਰੀ ਹਰਪਾਲ ਸਿੰਘ, ਸਰਕਾਰੀ ਹਾਈ ਸਕੂਲ ਛੱਤ ਦੀ ਪ੍ਰਿੰਸੀਪਲ ਸ਼੍ਰੀਮਤੀ ਮਾਲਤੀ ਸਚਦੇਵਾ, ਕੋਆਰਡੀਨੇਟਰ ਅਧਿਆਪਕਾ ਸ਼੍ਰੀਮਤੀ ਸੁਸ਼ਮਾ ਅਤੇ ਜੰਗਲੀ ਜੀਵ ਪ੍ਰੇਮੀ ਡਾ. ਸਿਧਾਰਥ ਸ਼ਰਮਾ ਨੇ ਬਾਘਾਂ ਦੀ ਮਹੱਤਤਾ, ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਰੱਖਿਆ ਅਤੇ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਲੋਕਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।
ਮੁੱਖ ਜੰਗਲਾਤ ਸੰਭਾਲ ਅਧਿਕਾਰੀ ਸ੍ਰੀ ਸਤਿੰਦਰ ਕੁਮਾਰ ਸਾਗਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਘ ਦਿਵਸ ਦੀ ਸ਼ੁਰੂਆਤ ਸਾਲ 2010 ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਬਾਘਾਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਸਹਿਯੋਗ ਇਸ ਲਈ ਬਹੁਤ ਜ਼ਰੂਰੀ ਹੈ।
ਫੀਲਡ ਡਾਇਰੈਕਟਰ ਸ੍ਰੀ ਨਲਿਨ ਯਾਦਵ ਨੇ ਕਿਹਾ ਕਿ ਬਾਘ ਸਾਡੀ ਕੁਦਰਤੀ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਦੀ ਸੁਰੱਖਿਆ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ “ਬਾਘ ਨੂੰ ਬਚਾਓ, ਦੇਸ਼ ਦੇ ਮਾਣ ਨੂੰ ਬਚਾਓ” ਦਾ ਸੰਦੇਸ਼ ਅਪਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਚਿੜੀਆਘਰ ਦੇ ਸਟਾਫ ਨੇ ਵੀ ਬਾਘਾਂ ਦੀ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਸੈਲਾਨੀਆਂ ਅਤੇ ਅਧਿਕਾਰੀਆਂ ਨੇ ਜੰਗਲੀ ਜੀਵਾਂ ਅਤੇ ਵਾਤਾਵਰਣ ਦੀ ਰੱਖਿਆ ਲਈ ਸਾਂਝਾ ਸੰਕਲਪ ਲਿਆ।












