‘‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’’ ਦੇ ਮੌਕੇ ਵਿੱਚ ਆਯੋਜਿਤ ਆਨਲਾਈਨ ਕੁਇਜ਼ 15 ਸਤੰਬਰ ਤੱਕ ਚੱਲੇਗੀ
ਸਾਰੇ ਭਾਗੀਦਾਰਾਂ ਨੂੰ ਮਿਲੇਗਾ ਡਿਜੀਟਲ ਈ-ਸਰਟੀਫਿਕੇਟ
ਚੰਡੀਗੜ੍ਹ, 3 ਅਗਸਤ – (AzadVaani) ਸੱਭਿਆਚਾਰਕ ਮੰਤਰਾਲੇ, ਭਾਰਤ ਸਰਕਾਰ ਵੱਲੋਂ ‘‘ਵਿਭਾਜਨ ਵਿਭੀਸ਼ਿਕਾ ਸਿਮ੍ਰਤੀ ਦਿਵਸ’’ ਦੇ ਮੌਕੇ ਵਿੱਚ ਆਯੋਜਿਤ ਰਾਸ਼ਟਰੀ ਆਨਲਾਈਨ ਕੁਇਜ਼ ਮੁਕਾਬਲਾ ਸ਼ੁਰੂ ਹੋ ਗਿਆ ਹੈ। mygov.in ਦੇ ਸਹਿਯੋਗ ਨਾਲ ਆਯੋਜਿਤ ਇਹ ਰਾਸ਼ਟਰਵਿਆਪੀ ਮੁਕਾਬਲਾ ਆਉਣ ਵਾਲੀ 15 ਸਤੰਬਰ, 2026 ਤੱਕ ਚੱਲੇਗਾ।
ਇੱਕ ਸਰਕਾਰੀ ਬੁਲਾਰੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੌਮੀ ਆਨਲਾਈਨ ਕੁਇਜ਼ ਮੁਕਾਬਲੇ ਵਿੱਚ ਨੌਜਵਾਨ, ਸਕੂਲ ਅਤੇ ਕਾਲਜ ਦੇ ਵਿਦਿਆਰਥੀ ਅਤੇ ਆਮ ਨਾਗਰਿਕ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈ ਸਕਦੇ ਹਨ। ਇਹ ਮੁਕਾਬਲਾ ਸਿਰਫ਼ ਇੱਕ ਆਨਲਾਈਨ ਕੁਇਜ਼ ਨਹੀਂ, ਸਗੋਂ ਦੇਸ਼ ਦੇ ਇਤਿਹਾਸ ਦੇ ਮਹੱਤਵਪੂਰਨ ਅਧਿਆਏ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਸਾਰਥਕ ਯਤਨ ਹੈ। ਉਨ੍ਹਾਂ ਕਿਹਾ ਕਿ ਭਾਰਤ ਵੰਡ ਦੌਰਾਨ ਲੱਖਾਂ ਲੋਕਾਂ ਨੇ ਜਿਨ੍ਹਾਂ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ, ਉਨ੍ਹਾਂ ਦੇ ਸੰਘਰਸ਼, ਕੁਰਬਾਨੀ ਅਤੇ ਰਾਸ਼ਟਰੀ ਏਕਤਾ ਦੇ ਮਹੱਤਵ ਨੂੰ ਸਮਝਣਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਜ਼ਰੂਰੀ ਹੈ। ਇਸ ਤਰ੍ਹਾਂ ਦੀ ਪਹਿਲ ਨੌਜਵਾਨਾਂ ਵਿੱਚ ਇਤਿਹਾਸ ਪ੍ਰਤੀ ਜਾਗਰੂਕਤਾ, ਸੰਵੇਦਨਸ਼ੀਲਤਾ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ।
ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵਿੱਚ ਸਹਿਯੋਗ ਕਰਨ।
ਬੁਲਾਰੇ ਨੇ ਦੱਸਿਆ ਕਿ ਮੁਕਾਬਲਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਇਸ ਵਿੱਚ ਸਾਰੇ ਭਾਰਤੀ ਨਾਗਰਿਕ ਹਿੱਸਾ ਲੈ ਸਕਦੇ ਹਨ। ਇਹ ਇੱਕ ਸਮਾਂਬੱਧ ਆਨਲਾਈਨ ਕੁਇਜ਼ ਹੋਵੇਗੀ, ਜਿਸ ਵਿੱਚ ਸਫਲਤਾਪੂਰਵਕ ਹਿੱਸਾ ਲੈਣ ਵਾਲੇ ਹਰ ਪ੍ਰਤੀਭਾਗੀ ਨੂੰ MyGov ਵੱਲੋਂ ਡਿਜੀਟਲ ਈ-ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ। ਇੱਛੁਕ ਭਾਗੀਦਾਰ quiz.mygov.in ਪੋਰਟਲ ‘ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ।











