ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਹਾਲੀ ਦੇ ਪ੍ਰਮੁੱਖ ਸਕੂਲਾਂ ਨੇੜੇ ਟਰਾਂਸਪੋਰਟ ਵਿਭਾਗ ਦੀ ਵਿਸ਼ੇਸ਼ ਚੈਕਿੰਗ ਮੁਹਿੰਮ
ਜ਼ਿਲ੍ਹੇ ਭਰ ਵਿੱਚ ਅਚਨਚੇਤ ਚੈਕਿੰਗ ਜਾਰੀ ਰਹੇਗੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਅਗਸਤ (AzadVaani) ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਰਵਉਚ ਤਰਜੀਹ ਦਿੰਦਿਆਂ ਟਰਾਂਸਪੋਰਟ ਵਿਭਾਗ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮੋਹਾਲੀ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਨੇੜੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੰਜਾਬ ਸਰਕਾਰ ਦੀ ਸੇਫ ਸਕੂਲ ਵਹੀਕਲ ਪਾਲਿਸੀ ਅਤੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੀਤੇ ਗਏ।
ਇਹ ਚੈਕਿੰਗ ਮਾਪਿਆਂ ਅਤੇ ਆਮ ਲੋਕਾਂ ਵੱਲੋਂ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਸਮੇਂ ਆਵਾਜਾਈ ਪ੍ਰਬੰਧਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐਸ.) ਅਤੇ ਲਾਰੈਂਸ ਪਬਲਿਕ ਸਕੂਲ ਦੇ ਆਲੇ-ਦੁਆਲੇ ਕੀਤੀ ਗਈ।
ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਕੀਤੀ। ਉਨ੍ਹਾਂ ਦੇ ਨਾਲ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ (ਏ.ਆਰ.ਟੀ.ਓ.) ਸ੍ਰੀ ਗਗਨਦੀਪ ਸਿੰਘ ਅਤੇ ਸ੍ਰੀ ਰੋਹਿਤ ਗਰਗ ਵੀ ਮੌਜੂਦ ਸਨ।
ਚੈਕਿੰਗ ਦੌਰਾਨ ਸਕੂਲੀ ਬੱਸਾਂ, ਨਿੱਜੀ ਵੈਨਾਂ, ਆਟੋ-ਰਿਕਸ਼ਿਆਂ ਅਤੇ ਵਿਦਿਆਰਥੀਆਂ ਦੀ ਢੋਆ-ਢੁਆਈ ਕਰਨ ਵਾਲੇ ਹੋਰ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੌਕੇ ‘ਤੇ ਹੀ ਚਲਾਨ ਕੀਤੇ ਗਏ।
ਆਰ.ਟੀ.ਓ. ਸ੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੇਫ ਸਕੂਲ ਵਹੀਕਲ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵਾਹਨਾਂ ਵਿੱਚ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬਿਠਾਉਣਾ, ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ, ਫਸਟ ਏਡ ਬਾਕਸ ਅਤੇ ਫਾਇਰ ਐਕਸਟਿੰਗੂਸ਼ਰ ਵਰਗੀਆਂ ਲਾਜ਼ਮੀ ਸੁਰੱਖਿਆ ਸਹੂਲਤਾਂ ਦੀ ਘਾਟ, ਵੈਧ ਪਰਮਿਟ, ਫਿਟਨੈੱਸ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਵਰਗੀਆਂ ਉਲੰਘਣਾਵਾਂ ਸਾਹਮਣੇ ਆਈਆਂ।
ਉਨ੍ਹਾਂ ਸਕੂਲ ਪ੍ਰਬੰਧਕਾਂ, ਵਾਹਨ ਆਪਰੇਟਰਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀ ਆਵਾਜਾਈ ਲਈ ਕੇਵਲ ਨਿਯਮਾਂ ਅਨੁਸਾਰ ਅਧਿਕਾਰਤ ਅਤੇ ਸੁਰੱਖਿਅਤ ਵਾਹਨਾਂ ਦੀ ਹੀ ਵਰਤੋਂ ਕੀਤੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਕੂਲਾਂ ਨੇੜੇ ਵੀ ਇਸ ਤਰ੍ਹਾਂ ਦੀਆਂ ਅਚਨਚੇਤ ਚੈਕਿੰਗ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ।
ਫੋਟੋ ਕੈਪਸ਼ਨ:
ਆਰ.ਟੀ.ਓ. ਸ੍ਰੀ ਹਰਪ੍ਰੀਤ ਸਿੰਘ ਅਟਵਾਲ, ਏ.ਆਰ.ਟੀ.ਓ. ਸ੍ਰੀ ਗਗਨਦੀਪ ਸਿੰਘ ਅਤੇ ਸ੍ਰੀ ਰੋਹਿਤ ਗਰਗ ਮੋਹਾਲੀ ਦੇ ਸਕੂਲਾਂ ਨੇੜੇ ਸੇਫ ਸਕੂਲ ਵਹੀਕਲ ਪਾਲਿਸੀ ਤਹਿਤ ਵਿਦਿਆਰਥੀਆਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਕਰਦੇ ਹੋਏ।












