ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 5 ਅਗਸਤ:(AzadVaani ) ਯੂਵਾ ਆਪਦਾ ਮਿਤਰ ਯੋਜਨਾ ਦੇ ਸੱਤ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦੇ ਤੀਜੇ ਦਿਨ ਦਾ ਆਯੋਜਨ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਵਿਖੇ ਸ਼ਰੁਤੀ ਅਗਰਵਾਲ, ਕਨਸਲਟੈਂਟ, ਡਿਜਾਸਟਰ ਮੈਨੇਜਮੈਂਟ, ਮਗਸੀਪਾ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਦਿਨ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਲਈ ਵਿਹਾਰਕ ਸਿਖਲਾਈ ਦੇਣਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਮੌਕ ਡ੍ਰਿੱਲ ਨਾਲ ਹੋਈ। ਇਸ ਦੌਰਾਨ ਸ਼ਰੁਤੀ ਅਗਰਵਾਲ ਨੇ ਆਫ਼ਤ ਪ੍ਰਬੰਧਨ ਵਿੱਚ ਮੌਕ ਡ੍ਰਿੱਲ ਦੀ ਮਹੱਤਤਾ, ਤੁਰੰਤ ਪ੍ਰਤੀਕਿਰਿਆ ਅਤੇ ਟੀਮ ਵਰਕ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਟ੍ਰੇਨਿੰਗ ਕੋਆਰਡੀਨੇਟਰ ਗੁਲਸ਼ਨ ਹੀਰਾ ਨੇ ਲਿਫਟਿੰਗ ਐਂਡ ਲੋਡ ਸਟੇਬਿਲਾਈਜ਼ੇਸ਼ਨ ਸਬੰਧੀ ਪ੍ਰੈਕਟੀਕਲ ਸਿਖਲਾਈ ਦਿੱਤੀ, ਜਿਸ ਵਿੱਚ ਭਾਰੀ ਵਸਤਾਂ ਨੂੰ ਸੁਰੱਖਿਅਤ ਢੰਗ ਨਾਲ ਸਥਿਰ ਕਰਨ ਦੀਆਂ ਤਕਨੀਕਾਂ ਦਾ ਅਭਿਆਸ ਕਰਵਾਇਆ ਗਿਆ।
ਉਪਰੰਤ ਸ਼ਾਇਨਾ ਕੌਰ, ਸ੍ਰੀ ਯੋਗੇਸ਼ ਸ਼ਰਮਾ ਅਤੇ ਸ੍ਰੀ ਸੁਮੀਤ ਸਿੰਘ ਨੇ ਲਿਫਟਿੰਗ, ਸ਼ਿਫਟਿੰਗ ਐਂਡ ਮੂਵਿੰਗ ਆਫ਼ ਪੇਸ਼ੈਂਟਸ ਵਿਸ਼ੇ ’ਤੇ ਵਿਹਾਰਕ ਸਿਖਲਾਈ ਦਿੱਤੀ। ਭਾਗੀਦਾਰਾਂ ਨੇ ਜ਼ਖ਼ਮੀ ਵਿਅਕਤੀਆਂ ਨੂੰ ਸੁਰੱਖਿਅਤ ਢੰਗ ਨਾਲ ਚੁੱਕਣ, ਸ਼ਿਫਟ ਕਰਨ ਅਤੇ ਲਿਜਾਣ ਦੀਆਂ ਤਕਨੀਕਾਂ ਦਾ ਅਭਿਆਸ ਕੀਤਾ।
ਇਸ ਤੋਂ ਬਾਅਦ ਜੀਵਨਜੋਤ ਕੌਰ ਨੇ ਕਾਰਡੀਓਪਲਮੋਨਰੀ ਰੀਸਸਿਟੇਸ਼ਨ ਅਤੇ ਬੇਸਿਕ ਲਾਈਫ ਸਪੋਰਟ ਬਾਰੇ ਸਿਖਲਾਈ ਦਿੱਤੀ। ਇਸ ਦੌਰਾਨ ਭਾਗੀਦਾਰਾਂ ਨੇ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਦਾ ਅਭਿਆਸ ਕੀਤਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਅਤੇ ਸਹੀ ਕਾਰਵਾਈ ਕਰਨ ਬਾਰੇ ਸਿੱਖਿਆ।
ਇਸ ਉਪਰੰਤ ਸਲੋਨੀ ਸ਼ਰਮਾ ਨੇ ਸੋਕਾ ਵਿਸ਼ੇ ’ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਸੋਕੇ ਦੇ ਕਾਰਨ, ਪ੍ਰਭਾਵ, ਤਿਆਰੀ, ਰੋਕਥਾਮ ਦੇ ਉਪਾਅ ਅਤੇ ਪਾਣੀ ਦੀ ਸੰਭਾਲ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਾਣੀ ਦੀ ਸਹੀ ਵਰਤੋਂ ਅਤੇ ਸੰਭਾਲ ਰਾਹੀਂ ਸੋਕੇ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਅਤੇ ਆਫ਼ਤ-ਸਹਿਨਸ਼ੀਲ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਦਿਨ ਭਰ ਦੀਆਂ ਵਿਹਾਰਕ ਗਤੀਵਿਧੀਆਂ ਅਤੇ ਹੱਥੋਂ-ਹੱਥ ਸਿਖਲਾਈ ਨੇ ਉਨ੍ਹਾਂ ਨੂੰ ਜੀਵਨ ਬਚਾਉਣ ਵਾਲੀਆਂ ਤਕਨੀਕਾਂ, ਬਚਾਅ ਕਾਰਜਾਂ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਆਤਮ-ਵਿਸ਼ਵਾਸ ਨਾਲ ਕੰਮ ਕਰਨ ਲਈ ਤਿਆਰ ਕੀਤਾ।












