ਪੁਲਿਸ ਦੀ ਗੈਰਹਾਜ਼ਰੀ ‘ਤੇ ਲੋਕਾਂ ਵਿੱਚ ਗੁੱਸਾ
ਮੋਹਾਲੀ: 8 ਅਪ੍ਰੈਲ (Azadvaani) ਸੈਕਟਰ 82 ਦੇ ਰੇਲਵੇ ਰੋਡ ‘ਤੇ ਭਾਵੇਂ ਆਮ ਦਿਨਾਂ ਵਿੱਚ ਵੀ ਟਰੈਫਿਕ ਜਾਮ ਰਹਿੰਦਾ ਹੈ ਪਰ ਅੱਜ ਭਾਰੀ ਟ੍ਰੈਫਿਕ ਜਾਮ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਤੋਂ ਹੀ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਦਫ਼ਤਰ ਜਾਣ ਵਾਲੇ ਲੋਕ, ਵਿਦਿਆਰਥੀ ਅਤੇ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਅੱਜ ਹਾਲਾਤ ਹੋਰ ਵੀ ਇਸ ਲਈ ਬਿਗੜ ਗਏ ਕਿਉਂਕਿ ਇਲਾਕੇ ਵਿੱਚ JEE Main ਪ੍ਰੀਖਿਆ ਦੇ ਕੇਂਦਰ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਇੱਕੋ ਸਮੇਂ ‘ਤੇ ਪਹੁੰਚ ਰਹੇ ਸਨ। ਇਸ ਨਾਲ ਵਾਹਨਾਂ ਦੀ ਸੰਖਿਆ ਅਚਾਨਕ ਵਧ ਗਈ ਅਤੇ ਟ੍ਰੈਫਿਕ ਪੂਰੀ ਤਰ੍ਹਾਂ ਬੇਕਾਬੂ ਹੋ ਗਿਆ।
ਸਥਾਨਕ ਲੋਕਾਂ ਦੇ ਅਨੁਸਾਰ, ਇਸ ਇਲਾਕੇ ਵਿੱਚ ਟ੍ਰੈਫਿਕ ਦੀ ਸਮੱਸਿਆ ਪਹਿਲਾਂ ਵੀ ਰਹਿੰਦੀ ਹੈ, ਪਰ ਅੱਜ ਦੇ ਜਾਮ ਨੇ ਸਾਰੇ ਰਿਕਾਰਡ ਤੋੜ ਦਿੱਤੇ। ਕਈ ਵਾਹਨ ਘੰਟਿਆਂ ਤੱਕ ਫਸੇ ਰਹੇ। ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਨੂੰ ਸੰਭਾਲਣ ਲਈ ਮੌਕੇ ‘ਤੇ ਕੋਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਹਾਲਾਤ ਹੋਰ ਵੀ ਵਿਗੜ ਗਏ।
ਇਸ ਸਥਿਤੀ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਦੀ ਲਾਪਰਵਾਹੀ ‘ਤੇ ਸਵਾਲ ਖੜੇ ਕੀਤੇ ਅਤੇ ਮੰਗ ਕੀਤੀ ਕਿ ਐਸੇ ਮਹੱਤਵਪੂਰਨ ਦਿਨਾਂ ‘ਤੇ ਪਹਿਲਾਂ ਹੀ ਯੋਗ ਪ੍ਰਬੰਧ ਕੀਤੇ ਜਾਣ। ਲੋਕਾਂ ਨੇ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਪ੍ਰੀਖਿਆਵਾਂ ਦੌਰਾਨ ਖਾਸ ਟ੍ਰੈਫਿਕ ਯੋਜਨਾ ਬਣਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।




