ਮੁਹਾਲੀ 9 ਅਪਰੈਲ: ਗਮਾਡਾ ਵੱਲੋਂ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿੱਚ ਸੜਕਾਂ ਦਾ ਵਿਸਥਾਰ ਕਰਨ ਲਈ ਜ਼ਮੀਨ ਹਾਸਲ ਕਰਨ ਦੀ ਕਵਾਇਦ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸ ਤਹਿਤ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਡੇ ਪੱਧਰ ’ਤੇ ਯੋਜਨਾਬੰਦੀ ਕੀਤੀ ਜਾ ਰਹੀ ਹੈ।
ਗਮਾਡਾ ਵੱਲੋਂ ਕੁੱਲ 35 ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾਣੀ ਹੈ, ਜਿਸ ਲਈ ਲਗਭਗ 60 ਪਿੰਡਾਂ ਦੀ 1230 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਹ ਪ੍ਰੋਜੈਕਟ ਇਲਾਕੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ।ਜ਼ਮੀਨ ਹਾਸਲ ਕਰਨ ਤੋਂ ਪਹਿਲਾਂ ਗਮਾਡਾ ਵੱਲੋਂ ਸਮਾਜਿਕ ਪ੍ਰਭਾਵ ਮੁਲਾਂਕਣ (Social Impact Assessment) ਕਰਵਾਇਆ ਗਿਆ ਸੀ ਤਾਂ ਜੋ ਲੋਕਾਂ ਉੱਤੇ ਪੈਣ ਵਾਲੇ ਅਸਰਾਂ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਹੁਣ ਇਸ ਪ੍ਰਕਿਰਿਆ ਦੇ ਅਗਲੇ ਪੜਾਅ ਵਜੋਂ ਜਨਤਕ ਸੁਣਵਾਈਆਂ ਆਰੰਭ ਦਿੱਤੀਆਂ ਗਈਆਂ ਹਨ। ਇਹ ਸੁਣਵਾਈਆਂ 21 ਅਪਰੈਲ ਤੋਂ 11 ਮਈ ਤੱਕ 38 ਪਿੰਡਾਂ ਵਿੱਚ ਕਰਵਾਈਆਂ ਜਾਣਗੀਆਂ।ਇਨ੍ਹਾਂ ਜਨਤਕ ਸੁਣਵਾਈਆਂ ਦੌਰਾਨ ਗਮਾਡਾ ਦੇ ਭੂਮਿ ਪ੍ਰਾਪਤੀ ਕੁਲੈਕਟਰ ਅਤੇ ਸਮਾਜਿਕ ਪ੍ਰਭਾਵ ਮੁਲਾਂਕਣ ਕਰਨ ਵਾਲੀਆਂ ਟੀਮਾਂ ਦੇ ਮੈਂਬਰ ਹਰ ਰੋਜ਼ ਤਿੰਨ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਪਹੁੰਚ ਕੇ ਜ਼ਮੀਨ ਮਾਲਕਾਂ ਦੇ ਇਤਰਾਜ਼ ਸੁਣਨਗੇ ਅਤੇ ਉਨ੍ਹਾਂ ਦੇ ਸੁਝਾਅ ਵੀ ਲੈਣਗੇ। ਪ੍ਰਾਪਤ ਜਾਣਕਾਰੀ ਮੁਤਾਬਕ 21 ਅਪਰੈਲ ਨੂੰ ਬੱਲੋਮਾਜਰਾ, ਛੱਜੂਮਾਜਰਾ ਅਤੇ ਸੰਤੇਮਾਜਰਾ ਵਿੱਚ ਸੁਣਵਾਈ ਹੋਵੇਗੀ। ਇਸ ਤੋਂ ਬਾਅਦ 22 ਅਪਰੈਲ ਨੂੰ ਬਲਿਆਲੀ, ਚੱਪੜਚਿੜੀ ਕਲਾਂ ਅਤੇ ਖੁਰਦ, 23 ਅਪਰੈਲ ਨੂੰ ਕੈਲੋਂ, ਲਾਂਡਰਾਂ ਅਤੇ ਸਵਾੜਾ, ਅਤੇ 24 ਅਪਰੈਲ ਨੂੰ ਬੈਰੋਂਪੁਰ, ਭਾਗੋਮਾਜਰਾ ਅਤੇ ਮਾਣਕਮਾਜਰਾ ਵਿੱਚ ਸੁਣਵਾਈ ਕਰਵਾਈ ਜਾਵੇਗੀ।ਇਸੇ ਤਰ੍ਹਾਂ 27 ਤੋਂ 30 ਅਪਰੈਲ ਤੱਕ ਵੀ ਵੱਖ-ਵੱਖ ਪਿੰਡਾਂ ਵਿੱਚ ਇਹ ਪ੍ਰਕਿਰਿਆ ਜਾਰੀ ਰਹੇਗੀ। ਗਮਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਹਿਮਤੀ ਅਤੇ ਸੁਝਾਅ ਨਾਲ ਹੀ ਇਹ ਪ੍ਰੋਜੈਕਟ ਅੱਗੇ ਵਧਾਇਆ ਜਾਵੇਗਾ, ਤਾਂ ਜੋ ਕਿਸੇ ਨੂੰ ਵੀ ਅਣਚਾਹੀ ਤਕਲੀਫ਼ ਨਾ ਹੋਵੇ ਅਤੇ ਇਲਾਕੇ ਦਾ ਸੰਤੁਲਿਤ ਵਿਕਾਸ ਯਕੀਨੀ ਬਣਾਇਆ ਜਾ ਸਕੇ !









