ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨਾਲ ਕੀਤਾ ਸਿੱਧਾ ਸੰਵਾਦ, ਭਰਤੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਸਰਲ ਅਤੇ ਉਮੀਦਵਾਰ ਹਿਤੇਸ਼ੀ ਬਣਾਉਣ ਦੀ ਵਚਨਬੱਧਤਾ ਦੁਹਰਾਈ
ਚੰਡੀਗੜ੍ਹ, 6 ਅਗਸਤ -(AzadVaani) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਦੇ ਸੁਝਾਵਾਂ ਨੂੰ ਗੰਭੀਰਤਾ ਨਾਲ ਲੈ ਕੇ ਭਰਤੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਸਮਾਂਬੱਧ ਅਤੇ ਉਮੀਦਵਾਰ ਹਿਤੇਸ਼ੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕਾਰਜ ਕਰ ਰਹੀ ਹੈ। ਇਸੇ ਲੜੀ ਵਿੱਚ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚ.ਐਸ.ਐਸ.ਸੀ.) ਦਾ ਸਾਲਾਨਾ ਭਰਤੀ ਕੈਲੰਡਰ ਤਿਆਰ ਕੀਤਾ ਜਾ ਰਿਹਾ ਹੈ, ਜਿਸਨੂੰ ਜਲਦੀ ਜਾਰੀ ਕੀਤਾ ਜਾਵੇਗਾ। ਇਸ ਨਾਲ ਉਮੀਦਵਾਰਾਂ ਨੂੰ ਸਾਲ ਭਰ ਦੀ ਭਰਤੀ ਪ੍ਰਕਿਰਿਆ, ਅਰਜ਼ੀ, ਪ੍ਰੀਖਿਆ, ਨਤੀਜਾ ਅਤੇ ਨਿਯੁਕਤੀ ਦੀ ਸੰਭਾਵਿਤ ਸਮਾਂ-ਸੀਮਾ ਦੀ ਪਹਿਲਾਂ ਤੋਂ ਜਾਣਕਾਰੀ ਮਿਲ ਸਕੇਗੀ ਅਤੇ ਉਹ ਆਪਣੀ ਤਿਆਰੀ ਬਿਹਤਰ ਢੰਗ ਨਾਲ ਕਰ ਸਕਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਸੋਨੀਪਤ ਵਿੱਚ “ਛਾਤਰ ਸੰਵਾਦ ਮੁੱਖ ਮੰਤਰੀ ਦੇ ਨਾਲ” ਪ੍ਰੋਗਰਾਮ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਇੱਕ-ਇੱਕ ਕਰਕੇ ਵਿਦਿਆਰਥੀ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ। ਨਾਲ ਹੀ ਉਨ੍ਹਾਂ ਦੇ ਸੁਝਾਵਾਂ ‘ਤੇ ਵੀ ਸਕਾਰਾਤਮਕ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਸੰਵਾਦ ਦੌਰਾਨ ਵਿਦਿਆਰਥੀ ਅੰਜਲੀ ਨੇ ਐਚ.ਐਸ.ਐਸ.ਸੀ. ਦਾ ਸਾਲਾਨਾ ਭਰਤੀ ਕੈਲੰਡਰ ਜਾਰੀ ਕਰਨ ਦਾ ਸੁਝਾਅ ਦਿੱਤਾ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲੋਕ ਸੇਵਾ ਆਯੋਗ (ਐਚ.ਪੀ.ਐਸ.ਸੀ.) ਦਾ ਸਾਲਾਨਾ ਕੈਲੰਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਹੁਣ ਐਚ.ਐਸ.ਐਸ.ਸੀ. ਦਾ ਸਾਲਾਨਾ ਭਰਤੀ ਕੈਲੰਡਰ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਭਰਤੀਆਂ ਕਰਮਚਾਰੀਆਂ ਦੇ ਸੇਵਾਮੁਕਤ ਹੋਣ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਵਿਵਸਥਿਤ ਕੈਲੰਡਰ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਨੌਜਵਾਨਾਂ ਨੂੰ ਭਰਤੀ ਪ੍ਰਕਿਰਿਆ ਦੀ ਪੂਰਵ ਜਾਣਕਾਰੀ ਮਿਲੇਗੀ ਅਤੇ ਉਹ ਆਪਣੀ ਤਿਆਰੀ ਹੋਰ ਵਧੀਆ ਢੰਗ ਨਾਲ ਕਰ ਸਕਣਗੇ।
ਵਿਦਿਆਰਥੀ ਨੀਰਜ ਨੇ ਸੀ.ਈ.ਟੀ. ਦੇ ਆਧਾਰ ‘ਤੇ ਵੱਖ-ਵੱਖ ਭਰਤੀਆਂ ਵਿੱਚ ਯੋਗਤਾ ਅਤੇ ਭਰਤੀ ਪ੍ਰੀਖਿਆਵਾਂ ਦੇ ਸਪੱਸ਼ਟ ਸਿਲੇਬਸ ਦੇ ਸੰਬੰਧ ਵਿੱਚ ਆਪਣੀ ਉਤਸੁਕਤਾ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੀ.ਈ.ਟੀ. ਲਾਗੂ ਕਰਨ ਦਾ ਉਦੇਸ਼ ਨੌਜਵਾਨਾਂ ਨੂੰ ਵਾਰ-ਵਾਰ ਮੁੱਢਲੀਆਂ ਪ੍ਰੀਖਿਆਵਾਂ ਦੇਣ ਦੀ ਪਰੇਸ਼ਾਨੀ ਤੋਂ ਰਾਹਤ ਦੇਣਾ ਅਤੇ ਭਰਤੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰੀਖਿਆ ਦੌਰਾਨ ਟਰਾਂਸਪੋਰਟ, ਸੁਰੱਖਿਆ ਅਤੇ ਹੋਰ ਵਿਵਸਥਾਵਾਂ ਨੂੰ ਬਿਹਤਰ ਬਣਾ ਕੇ ਉਮੀਦਵਾਰਾਂ ਦੀ ਸਹੂਲਤ ਯਕੀਨੀ ਬਣੇ। ਉਨ੍ਹਾਂ ਕਿਹਾ ਕਿ ਸੀ.ਈ.ਟੀ. ਰਾਹੀਂ ਨੌਜਵਾਨਾਂ ਨੂੰ ਵੱਖ-ਵੱਖ ਭਰਤੀਆਂ ਵਿੱਚ ਮੌਕਾ ਮਿਲ ਰਿਹਾ ਹੈ ਅਤੇ ਇਸਦੀ ਪ੍ਰਕਿਰਿਆ ਅਤੇ ਦਾਇਰੇ ਨੂੰ ਹੋਰ ਵੱਧ ਸਪੱਸ਼ਟ ਅਤੇ ਵਿਵਸਥਿਤ ਬਣਾਉਣ ਦੀ ਦਿਸ਼ਾ ਵਿੱਚ ਵੀ ਸਰਕਾਰ ਕਾਰਜ ਕਰ ਰਹੀ ਹੈ।
ਵਿਦਿਆਰਥੀ ਤਨੁਜ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਬੱਸ ਪਾਸ ਦੀ ਸੁਵਿਧਾ ਉਪਲਬਧ ਕਰਾਉਣ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਵਿਦਿਆਰਥੀਆਂ ਲਈ ਅਨੇਕਾਂ ਸਹੂਲਤਾਂ ਉਪਲਬਧ ਕਰਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਰੋਜ਼ਾਨਾ ਕੋਚਿੰਗ ਸੰਸਥਾਨਾਂ ਵਿੱਚ ਆਉਣ-ਜਾਣ ਵਾਲੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਵੀ ਸਰਕਾਰ ਸਮਝਦੀ ਹੈ। ਇਸ ਸੁਝਾਅ ‘ਤੇ ਸਕਾਰਾਤਮਕ ਦ੍ਰਿਸ਼ਟੀਕੋਣ ਤੋਂ ਵਿਚਾਰ ਕੀਤਾ ਜਾਵੇਗਾ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਰਾਹਤ ਮਿਲ ਸਕੇ।
ਵਿਦਿਆਰਥੀ ਸੋਨੂੰ ਨੇ ਕੋਚਿੰਗ ਫੀਸ ‘ਤੇ ਜੀ.ਐਸ.ਟੀ. ਸਮਾਪਤ ਕਰਨ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪਹਿਲਾਂ ਹੀ ਜੀ.ਐਸ.ਟੀ. ਦੇ ਦਾਇਰੇ ਤੋਂ ਬਾਹਰ ਹਨ, ਜਦੋਂ ਕਿ ਕੋਚਿੰਗ ਸੰਸਥਾਨਾਂ ‘ਤੇ ਜੀ.ਐਸ.ਟੀ. ਦਾ ਵਿਸ਼ਾ ਜੀ.ਐਸ.ਟੀ. ਪਰਿਸ਼ਦ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਜੀ.ਐਸ.ਟੀ. ਪਰਿਸ਼ਦ ਦੇ ਮੈਂਬਰ ਹਨ ਅਤੇ ਵਿਦਿਆਰਥੀਆਂ ਦੇ ਇਸ ਸੁਝਾਅ ਨੂੰ ਪਰਿਸ਼ਦ ਦੇ ਸਮੁੱਖ ਜ਼ਰੂਰ ਰੱਖਣਗੇ।
ਵਿਦਿਆਰਥੀ ਮੁਸਕਾਨ ਨੇ ਆਨਲਾਈਨ ਭਰਤੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ, ਸਰਵਰ ਡਾਊਨ ਅਤੇ ਤਕਨੀਕੀ ਗੜਬੜੀਆਂ ਨਾਲ ਉਮੀਦਵਾਰਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਵੱਲ ਧਿਆਨ ਖਿੱਚਿਆ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਿਹਨਤੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੇ ਪੇਪਰ ਲੀਕ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਹਨ, ਜਿਨ੍ਹਾਂ ਵਿੱਚ ਸਖਤ ਸਜ਼ਾ ਅਤੇ ਭਾਰੀ ਜੁਰਮਾਨੇ ਦਾ ਪ੍ਰਾਵਧਾਨ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਣਾਏ ਰੱਖਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਵਿਦਿਆਰਥੀ ਵਰਸ਼ਾ ਨੇ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਪ੍ਰਤਿਭਾਵਾਨ ਵਿਦਿਆਰਥੀਆਂ ਲਈ ਕੋਚਿੰਗ ਸਕਾਲਰਸ਼ਿਪ ਯੋਜਨਾ ਲਾਗੂ ਕਰਨ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਵਿਦਿਆਰਥੀ-ਵਿਦਿਆਰਥਣਾਂ ਲਈ ਅਨੇਕਾਂ ਭਲਾਈ ਯੋਜਨਾਵਾਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਲੋੜਵੰਦ ਵਿਦਿਆਰਥੀਆਂ ਨੂੰ ਸਹਾਇਤਾ ਉਪਲਬਧ ਕਰਾਉਣ ਦੇ ਇਸ ਸੁਝਾਅ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਵਿਦਿਆਰਥੀ ਨਿਤਿਨ ਨੇ ਸਰਕਾਰੀ ਭਰਤੀਆਂ ਵਿੱਚ ਸਮਾਂਬੱਧ ਵੇਟਿੰਗ ਲਿਸਟ ਜਾਰੀ ਕਰਨ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਚੁਣੇ ਗਏ ਉਮੀਦਵਾਰ ਨਿਰਧਾਰਤ ਸਮੇਂ ਵਿੱਚ ਕਾਰਜਭਾਰ ਗ੍ਰਹਿਣ ਨਹੀਂ ਕਰਦੇ ਹਨ ਤਾਂ ਖਾਲੀ ਅਹੁਦਿਆਂ ਨੂੰ ਜਲਦੀ ਭਰਨ ਲਈ ਵੇਟਿੰਗ ਲਿਸਟ ਜਾਰੀ ਕਰਨਾ ਇੱਕ ਪ੍ਰਭਾਵੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵਿਵਸਥਾ ਨੂੰ ਹੋਰ ਵੱਧ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ, ਤਾਂ ਜੋ ਯੋਗ ਉਮੀਦਵਾਰਾਂ ਨੂੰ ਸਮੇਂ ‘ਤੇ ਮੌਕਾ ਮਿਲ ਸਕੇ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤਾ ਕਿ ਉਹ ਪੂਰੀ ਨਿਸ਼ਠਾ, ਆਤਮਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਆਪਣੀ ਤਿਆਰੀ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਾਰਦਰਸ਼ੀ, ਨਿਰਪੱਖ ਅਤੇ ‘ਬਿਨਾਂ ਪਰਚੀ, ਬਿਨਾਂ ਖਰਚੀ’ ਦੀ ਭਰਤੀ ਵਿਵਸਥਾ ਨੂੰ ਹੋਰ ਵੱਧ ਮਜਬੂਤ ਬਣਾਉਣ ਲਈ ਲਗਾਤਾਰ ਕਾਰਜ ਕਰ ਰਹੀ ਹੈ ਅਤੇ ਹਰੇਕ ਯੋਗ ਨੌਜਵਾਨ ਨੂੰ ਉਸਦੀ ਮਿਹਨਤ ਅਤੇ ਪ੍ਰਤਿਭਾ ਦੇ ਆਧਾਰ ‘ਤੇ ਅੱਗੇ ਵਧਣ ਦਾ ਮੌਕਾ ਦੇਣ ਲਈ ਵਚਨਬੱਧ ਹੈ।
ਇਸ ਦੌਰਾਨ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ, ਸੋਨੀਪਤ ਦੇ ਵਿਧਾਇਕ ਸ੍ਰੀ ਨਿਖਿਲ ਮਦਾਨ, ਹਰਿਆਣਾ ਬਿਊਰੋ ਆਫ਼ ਪਬਲਿਕ ਐਂਟਰਪ੍ਰਾਈਜ਼ਿਜ਼ ਦੇ ਚੇਅਰਮੈਨ ਸ੍ਰੀ ਮੋਹਨ ਲਾਲ ਕੌਸ਼ਿਕ, ਸੋਨੀਪਤ ਦੇ ਮੇਅਰ ਸ੍ਰੀ ਰਾਜੀਵ ਜੈਨ, ਭਾਜਪਾ ਨੇਤਾ ਸ੍ਰੀ ਦੇਵੇਂਦਰ ਕੌਸ਼ਿਕ, ਗੋਹਾਣਾ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਜੇਂਦਰ ਮਲਿਕ, ਸੋਨੀਪਤ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਭਾਰਦਵਾਜ, ਆਈ.ਸੀ.ਐਸ. ਸੈਂਟਰ ਦੇ ਸੰਸਥਾਪਕ ਸ੍ਰੀ ਪਰਿਮਲ ਕੁਮਾਰ ਵੀ ਮੌਜੂਦ ਸਨ।











