ਯੁਵਾ ਸ਼ਕਤੀ ਵਿਕਸਿਤ ਭਾਰਤ ਅਤੇ ਵਿਕਸਿਤ ਹਰਿਆਣਾ ਦੀ ਸਭ ਤੋਂ ਵੱਡੀ ਤਾਕਤ, ਪਾਰਦਰਸ਼ੀ ਵਿਵਸਥਾ ਨਾਲ ਨੌਜਵਾਨਾਂ ਦੇ ਸੁਪਨਿਆਂ ਨੂੰ ਮਿਲ ਰਹੀ ਨਵੀਂ ਉਡਾਣ
ਮੁੱਖ ਮੰਤਰੀ ਨੇ ਸੋਨੀਪਤ ਵਿੱਚ ਨੌਜਵਾਨਾਂ ਨਾਲ ਕੀਤਾ ਸੰਵਾਦ, ਕਿਹਾ: ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦੀ
ਚੰਡੀਗੜ੍ਹ, 6 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜਵਾਨ ਸੁਪਨੇ ਦੇਖਣਾ ਕਦੇ ਬੰਦ ਨਾ ਕਰਨ। ਸੁਪਨੇ ਸੁੱਤੇ ਹੋਏ ਨਹੀਂ, ਸਗੋਂ ਜਾਗਦੇ ਹੋਏ ਦੇਖਣ। ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੁਣ ਸਿਰਫ ਤੁਹਾਡਾ ਹੌਸਲਾ ਹੀ ਨਹੀਂ, ਸਗੋਂ ਤੁਹਾਡੀ ਆਪਣੀ ਸਰਕਾਰ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਅਸੀਂ ਕਿਸੇ ਵੀ ਨੌਜਵਾਨ ਦੇ ਸੁਪਨਿਆਂ ਨੂੰ ਦੱਬਣ ਨਹੀਂ ਦੇਵਾਂਗੇ। ਹਰਿਆਣਾ ਸਰਕਾਰ ਨੌਜਵਾਨਾਂ ਨੂੰ ਪਾਰਦਰਸ਼ੀ ਵਿਵਸਥਾ, ਸਮਾਨ ਮੌਕੇ ਅਤੇ ਬਿਨਾਂ ਪਰਚੀ ਬਿਨਾਂ ਖਰਚੀ ਦੀ ਭਰਤੀ ਪ੍ਰਣਾਲੀ ਰਾਹੀਂ ਅੱਗੇ ਵਧਾਉਣ ਲਈ ਪੂਰੀ ਵਚਨਬੱਧਤਾ ਨਾਲ ਕਾਰਜ ਕਰ ਰਹੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਸੋਨੀਪਤ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਿਤ ਕਰ ਰਹੇ ਸਨ। “ਛਾਤਰ ਸੰਵਾਦ ਮੁੱਖ ਮੰਤਰੀ ਦੇ ਨਾਲ” ਤਹਿਤ ਆਯੋਜਿਤ ਇਸ ਪ੍ਰੋਗਰਾਮ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਸਟੂਡੈਂਟਸ ਲਾਈਵ ਜੁੜੇ ਸਨ। ਇਸ ਦੌਰਾਨ ਆਈ.ਸੀ.ਐਸ. ਸੈਂਟਰ ਦੇ ਸੰਸਥਾਪਕ ਸ੍ਰੀ ਪਰਿਮਲ ਕੁਮਾਰ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਉਹ ਨੌਜਵਾਨਾਂ ਵੱਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਵਿਕਸਿਤ ਭਾਰਤ ਅਤੇ ਵਿਕਸਿਤ ਹਰਿਆਣਾ ਦਾ ਉੱਜਵਲ ਭਵਿੱਖ ਦਿਖਾਈ ਦਿੰਦਾ ਹੈ। ਅੱਜ ਪੂਰੀ ਦੁਨੀਆ ਭਾਰਤ ਨੂੰ ਸਿਰਫ ਇੱਕ ਵੱਡਾ ਬਾਜ਼ਾਰ ਨਹੀਂ, ਸਗੋਂ ਨਵੀਆਂ ਸੰਭਾਵਨਾਵਾਂ ਅਤੇ ਵਿਸ਼ਵ ਦੀ ਅਗਵਾਈ ਕਰਨ ਵਾਲੀ ਯੁਵਾ ਸ਼ਕਤੀ ਵਜੋ ਦੇਖ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਦੀ ਸਭ ਤੋਂ ਯੁਵਾ ਆਬਾਦੀ ਦੀ ਤਾਕਤ ਨਾਲ ਅੱਗੇ ਵਧ ਰਿਹਾ ਹੈ ਅਤੇ ਇਹੀ ਸ਼ਕਤੀ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦੀ। ਨੌਜਵਾਨ ਦਿਨ-ਰਾਤ ਮਿਹਨਤ ਕਰਦੇ ਹਨ, ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦੇ ਹਨ ਅਤੇ ਅਨੇਕਾਂ ਸਮਾਜਿਕ ਦਬਾਅ ਵਿਚਕਾਰ ਆਪਣੇ ਟੀਚੇ ਲਈ ਨਿਰੰਤਰ ਯਤਨ ਕਰਦੇ ਹਨ। ਸਰਕਾਰ ਉਨ੍ਹਾਂ ਦੀ ਇਸ ਮਿਹਨਤ ਅਤੇ ਸੰਘਰਸ਼ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਗਿਆ ਹੈ। ਹਰਿਆਣਾ ਵਿੱਚ ਅੱਜ ਨੌਜਵਾਨਾਂ ਨੂੰ ਬਿਨਾਂ ਪਰਚੀ ਅਤੇ ਬਿਨਾਂ ਖਰਚੀ ਦੇ ਸਰਕਾਰੀ ਨੌਕਰੀਆਂ ਮਿਲੀਆਂ ਹਨ। ਇਸ ਵਿਵਸਥਾ ਦੀ ਸ਼ਲਾਘਾ ਖੁਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਹੈ ਕਿ ਕਿਸੇ ਵੀ ਯੋਗ ਨੌਜਵਾਨ ਨੂੰ ਨੌਕਰੀ ਲਈ ਸਿਫ਼ਾਰਸ਼ ਜਾਂ ਪੈਸੇ ਦਾ ਸਹਾਰਾ ਨਾ ਲੈਣਾ ਪਵੇ।











