ਰੋਟਰੀ ਕਲੱਬ ਚੰਡੀਗੜ੍ਹ ਦੀ ਨਵੀਂ ਟੀਮ ਸ਼ਹਿਰ ਵਿੱਚ ਕੂੜਾ ਪ੍ਰਬੰਧਨ ‘ਤੇ ਧਿਆਨ ਦੇਵੇਗੀ
ਚੰਡੀਗੜ੍ਹ, 10 ਜੁਲਾਈ: ਸੀ.ਆਈ.ਆਈ. ਵਿਖੇ ਰੋਟਰੀ ਕਲੱਬ ਆਫ ਚੰਡੀਗੜ੍ਹ ਦੀ ਨਵੀਂ ਟੀਮ ਦੇ ਸਥਾਪਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਰੋਟੇਰੀਅਨਾਂ ਨੂੰ ਕਿਹਾ ਕਿ ਉਹ ਅੱਜ ਦੇ ਨੌਜਵਾਨਾਂ ਵਿੱਚ ਸੇਵਾ ਰਾਹੀਂ ਸਮਾਜਿਕ ਜ਼ਿੰਮੇਵਾਰੀ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ, ਨਾਲ ਹੀ ਪੇਂਡੂ ਤੇ ਵਾਂਝੇ ਵਰਗਾਂ ਤੱਕ ਪਹੁੰਚ ਕਰਨ।
ਉਨ੍ਹਾਂ ਨੇ ਪ੍ਰਧਾਨ ਟੀਨਾ ਅਵਨਿੰਦਰ ਵਿਰਕ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਵਧਾਈ ਦਿੱਤੀ। ਇਹ ਕਲੱਬ 1958 ਤੋਂ ਸ਼ਹਿਰ ਵਿੱਚ ਸਮਾਜ ਸੇਵਾ ਕਰ ਰਿਹਾ ਹੈ ਅਤੇ ਹੁਣ ਇਸ ਦੀ ਕਮਾਨ ਨਵੀਂ ਟੀਮ ਸੰਭਾਲੇਗੀ।
ਰਾਜਪਾਲ ਨੇ ਰੋਟਰੀ ਵੱਲੋਂ ਸਾਲਾਂ ਤੋਂ ਕੀਤੇ ਗਏ ਸ਼ਾਨਦਾਰ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਦੀ ਭਾਵਨਾ ਜਗਾਉਣ ਦੀ ਲੋੜ ਹੈ, ਤਾਂ ਜੋ ਉਹ ਸਕਾਰਾਤਮਕ ਸਮਾਜਿਕ ਬਦਲਾਅ ਲਿਆਉਣ ਵਿੱਚ ਸਰਗਰਮ ਭਾਈਵਾਲ ਬਣ ਸਕਣ।
ਪ੍ਰਧਾਨ ਟੀਨਾ ਵਿਰਕ ਨੇ ਦੱਸਿਆ ਕਿ ਕਲੱਬ ਕਈ ਪਹਿਲਕਦਮੀਆਂ ਕਰੇਗਾ, ਜਿਨ੍ਹਾਂ ਵਿੱਚ ਪਲਾਸਟਿਕ ਕੂੜੇ ਤੋਂ ਵਰਟੀਕਲ ਗਾਰਡਨ ਬਣਾਉਣਾ, ਈ-ਵੇਸਟ, ਕੱਪੜਾ ਤੇ ਗਿੱਲੇ ਕੂੜੇ ਦਾ ਪ੍ਰਬੰਧਨ, ਲੜਕੀਆਂ ਲਈ ਸਿੱਖਿਆ ਵਜ਼ੀਫ਼ੇ ਅਤੇ ਸੈਕਟਰ 38 ਵੈਸਟ ਵਿੱਚ ਮਿਆਵਾਕੀ ਜੰਗਲ ਵਿਕਸਿਤ ਕਰਨਾ ਸ਼ਾਮਲ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੇ ਕਲੱਬ ਦੇ ਕੂੜਾ ਪ੍ਰਬੰਧਨ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜੋ ਘਰੇਲੂ ਕੂੜੇ ਅਤੇ ਈ-ਵੇਸਟ ਦੀ ਸਮੱਸਿਆ ਦਾ ਹੱਲ ਕਰੇਗਾ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਰੋਟਰੀ ਜਗਤ ਵਿੱਚ ਲੀਡਰਸ਼ਿਪ ਦੀ ਇਹ ਤਬਦੀਲੀ ਮਾਨਵੀ ਸੇਵਾ ਦੀ ਨਿਰੰਤਰਤਾ ਦੀ ਅਨੋਖੀ ਮਿਸਾਲ ਹੈ। ਰੋਟਰੀ ਮਨੁੱਖੀ ਮਾਣ, ਹਮਦਰਦੀ, ਦੇਖਭਾਲ ਅਤੇ ਦੂਜਿਆਂ ਲਈ ਫ਼ਿਕਰ ਨੂੰ ਉਤਸ਼ਾਹਿਤ ਕਰਦੀ ਹੈ, ਜੋ ਇਸ ਦੀ ਸੱਚੀ ਪਛਾਣ ਹੈ।
ਇਸ ਤੋਂ ਪਹਿਲਾਂ ਨਿਵਰਤਮਾਨ ਪ੍ਰਧਾਨ ਆਭਾ ਸ਼ਰਮਾ ਜੋਸ਼ੀ ਨੇ ਕਲੱਬ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਦੱਸਿਆ। ਇਨ੍ਹਾਂ ਵਿੱਚ ਮੋਹਾਲੀ ਵਿੱਚ ਏਮਜ਼ ਅਧੀਨ ਪਹਿਲਾਂ ਸਥਾਪਿਤ ਹਿਊਮਨ ਮਿਲਕ ਬੈਂਕ ਨੂੰ 30 ਲੱਖ ਰੁਪਏ ਦੀ ਵੈਨ ਭੇਂਟ ਕਰਨਾ ਵੀ ਸ਼ਾਮਲ ਹੈ।
ਇਸ ਮੌਕੇ ਰੋਟਰੀ ਡਿਸਟ੍ਰਿਕਟ 3080 ਦੀ ਮੌਜੂਦਾ ਡਿਸਟ੍ਰਿਕਟ ਗਵਰਨਰ ਡਾ. ਰੀਤਾ ਕਾਲਰਾ, ਤਤਕਾਲੀ ਸਾਬਕਾ ਡਿਸਟ੍ਰਿਕਟ ਗਵਰਨਰ ਰਵੀ ਪ੍ਰਕਾਸ਼, ਰੁੜਕੀ, ਅਤੇ ਸਾਬਕਾ ਰੋਟਰੀ ਇੰਟਰਨੈਸ਼ਨਲ ਪ੍ਰਧਾਨ ਰਾਜੇਂਦਰ ਕੇ. ਸਬੂ ਨੇ ਵੀ ਸੰਬੋਧਨ ਕੀਤਾ।












