ਸ਼ੈਡੋਫੈਕਸ ਕੰਪਨੀ ਦੀ ਵਾਕ-ਇਨ ਇੰਟਰਵਿਊ ਰਾਹੀਂ ਪੇਸ਼ਕਸ਼ ਹੋਵੇਗੀ ਰੋਜ਼ਗਾਰ ਦੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜੂਨ: (Azadvaani) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ) ਅਤੇ ਮਾਡਲ ਕਰੀਅਰ ਸੈਂਟਰ, (ਐੱਮ.ਸੀ.ਸੀ) ਐਸ.ਏ.ਐਸ ਨਗਰ ਵੱਲੋਂ ਮਿਤੀ 10 ਜੂਨ, 2026 ਤੋਂ 12 ਜੂਨ, 2026 ਤੱਕ ਵਾਕ ਇੰਨ ਇੰਟਰਵਿਊ ਡਰਾਇਵ ਦਾ ਆਯੋਜਨ ਸ਼ੈਡੌਫੈਕਸ ਕੰਪਨੀ ਗੋਦਾਮ ਏਰੀਆ, ਜ਼ੀਰਕਪੁਰ ਵਿਖੇ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 03.00 ਵਜੇ ਤੱਕ ਹੋਵੇਗਾ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਵਾਕ ਇਨ ਡਰਾਇਵ ਦਾ ਆਯੋਜਨ ਕੀਤਾ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਡਰਾਇਵ ਵਿੱਚ ਸ਼ੈਡੈਫੈਕਸ ਕੰਪਨੀ ਵੱਲੋਂ ਡਿਲੀਵਰੀ ਬੁਆਏ ਦੀਆਂ ਅਸਾਮੀਆਂ ਲਈ ਘੱਟੋਂ-ਘੱਟ 10ਵੀਂ ਪਾਸ ਯੋਗਤਾ ਵਾਲੇ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਜਿਸ ਪ੍ਰਾਰਥੀ ਕੋਲ ਡਰਾਇਵਿੰਗ ਲਾਇਸੰਸ, ਆਪਣਾ ਮੋਟਰਸਾਇਕਲ ਅਤੇ ਸਮਾਰਟਫੋਨ ਹੋਵੇ ਉਸ ਨੂੰ ਉਕਤ ਅਸਾਮੀ ਲਈ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਜ਼ੀਰਕਪੁਰ, ਮੋਹਾਲੀ ਹੋਵੇਗਾ।
ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਰਿਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।












