ਮੋਬਾਈਲ ’ਤੇ ਮਿਲੇਗੀ ਟੀਬੀ ਸਬੰਧੀ ਹਰ ਜਾਣਕਾਰੀ
ਏ.ਆਈ. ਆਧਾਰਤ ‘ਖ਼ੁਸ਼ੀ” (ਈ-ਸੰਗਿਨੀ) ਦੇਵੇਗੀ ਟੀਬੀ ਸਬੰਧੀ ਹਰ ਸਵਾਲ ਦਾ ਜਵਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਜੂਨ: (AzadVaani) ਭਾਰਤ ਸਰਕਾਰ ਵਲੋਂ ਰਾਸ਼ਟਰੀ ਤਪਦਿਕ ਖ਼ਾਤਮਾ ਪ੍ਰੋਗਰਾਮ ਤਹਿਤ ਹਾਲ ਹੀ ਵਿਚ “ਟੀ.ਬੀ. ਮੁਕਤ ਭਾਰਤ” ਐਪ ਸ਼ੁਰੂ ਕੀਤਾ ਗਿਆ ਹੈ ਤਾਕਿ ਜਾਗਰੂਕਤਾ ਦਾ ਸੁਨੇਹਾ ਵੱਧ ਤੋਂ ਵੱਧ ਫੈਲ ਸਕੇ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਇਹ ਐਪ ਐਂਡਰਾਇਡ ਮੋਬਾਈਲ ਫ਼ੋਨਾਂ ਲਈ ਪਲੇਅ ਸਟੋਰ ’ਤੇ ਉਪਲਭਧ ਹੈ ਅਤੇ ਹਰ ਨਾਗਰਿਕ ਨੂੰ ਇਸ ਦੀ ਵਰਤੋਂ ਕਰ ਕੇ ਟੀਬੀ ਖ਼ਾਤਮੇ ਦੀ ਮੁਹਿੰਮ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਜੈਨ ਨੇ ਕਿਹਾ ਕਿ “ਟੀ.ਬੀ. ਮੁਕਤ ਭਾਰਤ” ਐਪ ਟੀਬੀ ਖਾਤਮੇ ਲਈ ਮਹੱਤਵਪੂਰਨ ਡਿਜੀਟਲ ਪਲੇਟਫਾਰਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਐਪ ਟੀਬੀ ਮਰੀਜ਼ਾਂ, ਸਿਹਤ ਕਰਮਚਾਰੀਆਂ, ਵਲੰਟੀਅਰਾਂ ਅਤੇ ਨਿਕਸ਼ੇ ਮਿੱਤਰਾਂ ਨੂੰ ਇੱਕੋ ਮੰਚ ’ਤੇ ਜੋੜ ਕੇ ਮਰੀਜ਼ਾਂ ਦੀ ਨਿਰੰਤਰ ਨਿਗਰਾਨੀ, ਇਲਾਜ ਦੀ ਪ੍ਰਗਤੀ ਅਤੇ ਪੋਸ਼ਣ ਸਹਾਇਤਾ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗੀ।
ਸਿਵਲ ਸਰਜਨ ਨੇ ਦੱਸਿਆ ਕਿ ਐਪ ਵਿੱਚ ਏ.ਆਈ. ਆਧਾਰਤ ‘ਖ਼ੁਸ਼ੀ’ (ਈ-ਸੰਗਿਨੀ)’ ਫ਼ੀਚਰ ਵੀ ਸ਼ਾਮਲ ਹੈ, ਜਿਸ ਰਾਹੀਂ ਲੋਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਟੀਬੀ ਸਬੰਧੀ ਆਪਣੇ ਸਵਾਲਾਂ ਦੇ ਤੁਰੰਤ ਅਤੇ ਸਹੀ ਜਵਾਬ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ 100 ਦਿਨਾ ਤੀਬਰ ਰੋਕਥਾਮ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਤਹਿਤ ਸਿਹਤ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕੈਂਪਾਂ ਵਿਚ ਸ਼ੱਕੀ ਮਰੀਜ਼ਾਂ ਦੀ ਮੌਕੇ ’ਤੇ ਹੀ ਐਕਸਰੇ ਜਾਂਚ ਕੀਤੀ ਜਾਂਦੀ ਹੈ ਅਤੇ ਤੁਰੰਤ ਰਜਿਸਟਰੇਸ਼ਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬੀਮਾਰੀ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ। ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ l ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪੁਰਾਣੀ ਖੰਘ, ਵਜ਼ਨ ਘਟਣਾ, ਭੁੱਖ ਘੱਟ ਲੱਗਣੀ, ਬਲਗਮ ਵਿਚ ਖ਼ੂਨ ਆਉਣਾ, ਸ਼ਾਮ ਸਮੇਂ ਬੁਖ਼ਾਰ, ਥਕਾਵਟ ਮਹਿਸੂਸ ਹੋਣਾ, ਵਾਰ ਵਾਰ ਪਸੀਨਾ ਆਉਣਾ ਟੀਬੀ ਦੇ ਸੰਕੇਤ ਅਤੇ ਲੱਛਣ ਹੋ ਸਕਦੇ ਹਨ। ਟੀਬੀ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਰਾਸ਼ਟਰੀ ਟੀਬੀ ਹੈਲਪਲਾਈਨ ਨੰਬਰ 1800-11-6666 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੰਗੀਤਾ ਜੈਨ ।











